ਚੰਡੀਗੜ੍ਹ: ਅੱਜ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਦੇ ਨੇੜਲੇ ਪਿੰਡ ਅਦਲੀਵਾਲਾ ਸਥਿਤ ਨਿਰੰਕਾਰੀ ਭਵਨ 'ਤੇ ਗ੍ਰਨੇਡ ਹਮਲਾ ਕੀਤਾ ਗਿਆ ਜਿਸ ਵਿੱਚ ਤਿੰਨ ਜਣਿਆਂ ਦੀ ਮੌਤ ਹੋ ਗਈ ਤੇ 21 ਜਣੇ ਜ਼ਖ਼ਮੀ ਹੋਏ। ਪੰਜਾਬ ਪੁਲਿਸ ਦੇ ਮੁਖੀ ਸੁਰੇਸ਼ ਅਰੋੜਾ ਨੇ ਕਿਹਾ ਹੈ ਕਿ ਰਾਜਾਸਾਂਸੀ ਨੇੜੇ ਡੇਰਾ ਨਿਰੰਕਾਰੀ 'ਤੇ ਹੋਏ ਹਮਲੇ ਪਿੱਛੇ ਅੱਤਵਾਦੀਆਂ ਦਾ ਹੱਥ ਹੈ ਪਰ ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਇਸ ਹਮਲੇ ਪਿੱਛੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਜ਼ਿੰਮੇਵਾਰ ਦੱਸ ਰਹੇ ਹਨ।


ਇਹ ਵੀ ਪੜ੍ਹੋ- ਨਿਰੰਕਾਰੀਆਂ ਦੇ ਡੇਰੇ 'ਤੇ ਗਰਨੇਡ ਹਮਲਾ, ਤਿੰਨ ਮੌਤਾਂ 21 ਜ਼ਖ਼ਮੀ

ਸੁਖਬੀਰ ਬਾਦਲ ਨੇ ਨਿਰੰਕਾਰੀ ਭਵਨ ’ਤੇ ਹੋਏ ਗ੍ਰਨੇਡ ਹਮਲੇ ਵਿੱਚ ਸਿੱਧੇ ਤੌਰ ’ਤੇ ਸੀਐਮ ਕੈਪਟਨ ਅਮਰਿੰਦਰ ਸਿੰਘ ਉੱਤੇ ਇਲਜ਼ਾਮ ਲਾਏ ਹਨ। ਉਨ੍ਹਾਂ ਕਿਹਾ ਕਿ ਵਿਦੇਸ਼ੀ ਤਾਕਤਾਂ ਨਾਲ ਮਿਲ ਕੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ। ਕੈਪਟਨ ਅਮਰਿੰਦਰ ਸਿੰਘ ਖ਼ੁਦ ਵਿਦੇਸ਼ੀ ਤਾਕਤਾਂ ਨੂੰ ਸਮਰਥਨ ਦੇ ਰਹੇ ਹਨ ਤੇ ਕਾਂਗਰਸ ਜਾਣ-ਬੁੱਝ ਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਹੀ ਹੈ।

ਇਹ ਵੀ ਪੜ੍ਹੋ- ਨਿਰੰਕਾਰੀ ਡੇਰਾ 'ਚ ਹਮਲੇ ਮਗਰੋਂ ਸੁਖਬੀਰ ਬਾਦਲ ਦੀ ਚੇਤਾਵਨੀ

ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਤੇ ਸੁਨੀਲ ਜਾਖੜ ਨੂੰ ਚੇਤਾਵਨੀ ਵੀ ਦਿੱਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਅਕਾਲੀ ਦਲ ਸਮੇਂ ਸਿਰ ਇਨ੍ਹਾਂ ਤਾਕਤਾਂ ਖ਼ਿਲਾਫ਼ ਆਪਣੀ ਆਵਾਜ਼ ਉਠਾਉਂਦਾ ਰਿਹਾ ਤੇ ਪਹਿਲੇ ਦਿਨ ਤੋਂ ਹੀ ਕਾਂਗਰਸ ਨੂੰ ਅਲਰਟ ਕਰਦਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਘਟਨਾ ਨੂੰ ਅੱਤਵਾਦ ਨਾਲ ਵੀ ਜੋੜਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਕਾਂਗਰਸ ਦੇ ਰਾਜ ਵਿੱਚ ਸੂਬੇ ਦੀ ਸ਼ਾਂਤੀ ਤੇ ਭਾਈਚਾਰਕ ਸਦਭਾਵਨਾ ਖਤਰੇ ਵਿੱਚ ਹੈ।

ਇਹ ਵੀ ਪੜ੍ਹੋ- ਨਿਰੰਕਾਰੀ ਡੇਰੇ 'ਚ ਗ੍ਰਨੇਡ ਹਮਲੇ ਮਗਰੋਂ ਕੈਪਟਨ ਦਾ ਐਕਸ਼ਨ