ਚੰਡੀਗੜ੍ਹ: ਪੰਜਾਬ ਤੋਂ ਦਿੱਲੀ ਲਈ ਨਿਕਲੇ 5 ਤੋਂ 6 ਅੱਤਵਾਦੀਆਂ ਦੇ ਹਰਿਆਣਾ ਵਿੱਚ ਲੁਕੇ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ। ਦਰਅਸਲ ਫਤਿਹਾਬਾਦ ਵਿੱਚ ਹਾਈਵੇ ’ਤੇ ਲਾਵਾਰਿਸ ਤੇ ਸ਼ੱਕੀ ਹਾਲਤ ਵਿੱਚ ਗੱਡੀ ਖੜ੍ਹੀ ਹੋਈ ਮਿਲੀ ਹੈ। ਡੀਐਸਪੀ ਨੇ ਦੱਸਿਆ ਕਿ ਕੇਂਦਰੀ ਸੁਰੱਖਿਆ ਏਜੰਸੀਆਂ ਤੇ ਹਰਿਆਣਾ ਖੂਫੀਆ ਵਿਭਾਗ ਵੱਲੋਂ ਮਿਲੇ ਨਿਰਦੇਸ਼ਾਂ ਬਾਅਦ ਸੂਬੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਅਲਰਟ ਪਿੱਛੋਂ ਫਤਿਹਾਬਾਦ ਜ਼ਿਲ੍ਹੇ ਨਾਲ ਲੱਗਦੀ ਰਾਜਸਥਾਨ ਤੇ ਪੰਜਾਬ ਦੇ ਸਰਹੱਦੀ ਇਲਾਕੇ ਵਿੱਚ ਨਾਕੇਬੰਦੀ ਕੀਤੀ ਗਈ ਹੈ। ਸ਼ੱਕੀ ਵਾਹਨਾਂ ਤੇ ਲੋਕਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਹੋਟਲਾਂ, ਰੇਲਵੇ ਸਟੇਸ਼ਨਾਂ, ਸ਼ਾਪਿੰਗ ਮਾਲ ਤੇ ਹੋਰ ਭੀੜ ਵਾਲੀਆਂ ਥਾਵਾਂ ’ਤੇ ਵੀ ਚੈਕਿੰਗ ਕੀਤੀ ਜਾ ਰਹੀ ਹੈ।

ਦਰਅਸਲ ਫਤਿਹਾਬਾਦ ਦੇ ਥਾਣਾ ਸਦਰ ਖੇਤਰ ਵਿੱਚ ਹਾਈਵੇਅ ’ਤੇ ਲਾਵਾਰਿਸ ਗੱਡੀ ਮਿਲੀ ਸੀ। ਗੱਡੀ ਬਾਰੇ ਕੀਤੀ ਸ਼ੁਰੂਆਤੀ ਜਾਂਚ ਵਿੱਚ ਪਤਾ ਲੱਗਾ ਹੈ ਕਿ ਇਸ ਗੱਡੀ ਨੂੰ ਪਾਣੀਪਤ ਤੋਂ ਚੋਰੀ ਕੀਤਾ ਗਿਆ ਸੀ। ਫਿਲਹਾਲ ਇਸ ਮਾਮਲੇ ਦੀ ਹੋਰ ਜਾਂਚ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਿਸ ਤੇ ਖੂਫੀਆ ਵਿੰਗ ਨੂੰ ਵੀ ਅਲਰਟ ’ਤੇ ਰੱਖਿਆ ਗਿਆ ਹੈ।