ਬਟਾਲਾ: ਪਿਛਲੇ ਦਿਨੀਂ ਬਟਾਲਾ ਦੇ ਨਜ਼ਦੀਕੀ ਪਿੰਡ ਢਿਲਵਾਂ ਵਿੱਚ ਅਕਾਲੀ ਦਲ ਦੇ ਸਾਬਕਾ ਸਰਪੰਚ ਦਲਬੀਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਵਿੱਚ ਪੁਲਿਸ ਨੇ 7 ਜਣਿਆਂ ਖ਼ਿਲਾਫ਼ ਕੇਸ ਤਾਂ ਦਰਜ ਕਰ ਲਿਆ ਸੀ ਪਰ ਹਾਲੇ ਤਕ ਪੁਲਿਸ ਨੇ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕੀਤਾ। ਇਸ ਸਬੰਧੀ ਮ੍ਰਿਤਕ ਸਾਬਕਾ ਸਰਪੰਚ ਦੇ ਪਰਿਵਾਰਕ ਮੈਂਬਰਾਂ ਨਾਲ ਅਕਾਲੀ ਦਲ ਪਾਰਟੀ ਵੱਲੋਂ ਬਟਾਲਾ ਐਸਐਸਪੀ ਦੇ ਦਫ਼ਤਰ ਬਾਹਰ ਰੋਸ ਪ੍ਰਦਰਸ਼ਨ ਕੀਤਾ ਗਿਆ। ਪੁਲਿਸ ਪ੍ਰਸ਼ਾਸਨ ਤੇ ਕਾਂਗਰਸ ਦੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਕਰੀਬ ਤਿੰਨ ਘੰਟੇ ਤਕ ਧਰਨੇ ਦੇ ਬਾਅਦ ਐਸਐਸਪੀ ਬਟਾਲਾ ਦੇ ਭਰੋਸੇ ਬਾਅਦ ਧਰਨਾ ਚੁੱਕਿਆ ਗਿਆ।
ਧਰਨੇ 'ਤੇ ਬੈਠੇ ਅਕਾਲੀ ਲੀਡਰ ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਉਹ ਅਕਾਲੀ ਦਲ ਲੀਡਰ ਦਲਬੀਰ ਸਿੰਘ ਦੇ ਕਤਲ ਦੇ ਇਨਸਾਫ ਲਈ ਉਨ੍ਹਾਂ ਦੇ ਪਰਿਵਾਰਕ ਮੈਂਬਰ ਨਾਲ ਰੋਸ ਪ੍ਰਦਰਸ਼ਨ ਕਰ ਰਹੇ ਹਨ। ਕਾਨੂੰਨ ਦੀ ਸਥਿਤੀ ਵਿਗੜੀ ਹੋਈ ਹੈ। ਕਤਲ ਦੇ ਇੰਨੇ ਦਿਨਾਂ ਬਾਅਦ ਵੀ ਦੋਸ਼ੀ ਫਰਾਰ ਹਨ। ਲੋਧੀਨੰਗਲ ਨੇ ਇਲਜ਼ਾਮ ਲਾਇਆ ਕਿ ਪੁਲਿਸ ਸਿਆਸੀ ਦਬਾਅ ਕਰਕੇ ਕਾਰਵਾਈ ਨਹੀਂ ਕਰ ਰਹੀ।
ਅਕਾਲੀ ਲੀਡਰਾਂ ਨੇ ਕਿਹਾ ਕਿ ਜੇ ਪੁਲਿਸ ਨੇ ਹਾਲੇ ਵੀ ਕਾਰਵਾਈ ਨਾ ਕੀਤੀ ਤੇ ਜਲਦ ਤੋਂ ਜਲਦ ਦੋਸ਼ੀਆਂ ਨੂੰ ਕਾਬੂ ਨਾ ਕੀਤਾ ਤਾਂ ਅਕਾਲੀ ਦਲ ਇਨਸਾਫ ਲਈ ਤਿੱਖਾ ਸੰਘਰਸ਼ ਕਰੇਗਾ। ਮ੍ਰਿਤਕ ਦਲਬੀਰ ਸਿੰਘ ਦੇ ਪਰਿਵਾਰ ਨੇ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ 'ਤੇ ਇਲਜ਼ਾਮ ਲਾਇਆ ਕਿ ਪੁਲਿਸ ਉਨ੍ਹਾਂ ਦੇ ਦਬਾਅ ਕਰਕੇ ਕਾਰਵਾਈ ਨਹੀਂ ਕਰ ਰਹੀ।
ਤਿੰਨ ਘੰਟਿਆਂ ਦੇ ਧਰਨੇ ਬਾਅਦ ਐਸਐਸਪੀ ਓਪਿੰਦਰਜੀਤ ਸਿੰਘ ਘੁੰਮਣ ਦੇ ਭਰੋਸੇ 'ਤੇ ਧਰਨਾ ਖ਼ਤਮ ਹੋਇਆ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਤਫ਼ਤੀਸ਼ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (SIT) ਵੀ ਗਠਿਤ ਕਰ ਦਿੱਤੀ ਗਈ ਹੈ। ਵੱਖ-ਵੱਖ ਪੁਲਿਸ ਪਾਰਟੀਆਂ ਵੀ ਬਣਾਈਆਂ ਗਈਆਂ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਜਲਦ ਹੀ ਦੋਸ਼ੀ ਪੁਲਿਸ ਦੀ ਗ੍ਰਿਫ਼ਤ ਵਿੱਚ ਹੋਣਗੇ।