ਚੰਡੀਗੜ੍ਹ: ਚੰਡੀਗੜ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ‘ਆਮ ਆਦਮੀ ਪਾਰਟੀ’ (ਆਪ) ਵਿੱਚ ਸ਼ਾਮਲ ਹੋ ਗਏ ਹਨ। ਕਾਂਗਰਸ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਛਾਬੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਸ਼ੁੱਕਰਵਾਰ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਦੀਪ ਛਾਬੜਾ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ। ਇਹ ਪ੍ਰੋਗਰਾਮ ਦਿੱਲੀ ਵਿੱਚ ਹੀ ਰੱਖਿਆ ਗਿਆ ਸੀ।


ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਸੁਭਾਸ਼ ਚਾਵਲਾ ਤੇ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਨਾਲ ਛਾਬੜਾ ਦੇ ਵਿਵਾਦ ਕਾਰਨ ਸਾਬਕਾ ਪ੍ਰਧਾਨ ਪ੍ਰਦੀਪ ਛਾਬੜਾ ਨੇ ਇੱਕ ਹਫ਼ਤਾ ਪਹਿਲਾਂ ਆਪਣਾ ਅਸਤੀਫ਼ਾ ਰਾਸ਼ਟਰੀ ਪ੍ਰਧਾਨ ਸੋਨੀਆ ਗਾਂਧੀ ਨੂੰ ਭੇਜ ਦਿੱਤਾ ਸੀ। ਪਿਛਲੇ ਦੋ ਮਹੀਨਿਆਂ ਤੋਂ ਉਹ ਲਗਾਤਾਰ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ ਅਤੇ ਕਾਂਗਰਸ ਪ੍ਰਧਾਨ ਸੁਭਾਸ਼ ਚਾਵਲਾ 'ਤੇ ਦੋਸ਼ ਲਾ ਰਹੇ ਸਨ, ਉਹ ਇਨ੍ਹਾਂ ਦੋਵਾਂ ਨੇਤਾਵਾਂ ਤੋਂ ਨਾਰਾਜ਼ ਸਨ।


ਪ੍ਰਦੀਪ ਛਾਬੜਾ ਨੇ ਪਿਛਲੇ ਹਫਤੇ ਸ਼ੁੱਕਰਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਸੀ। ਹਾਲਾਂਕਿ ਉਨ੍ਹਾਂ ਦਾ ਅਸਤੀਫ਼ਾ ਪਾਰਟੀ ਹਾਈਕਮਾਂਡ ਨੇ ਸਵੀਕਾਰ ਨਹੀਂ ਕੀਤਾ। ਪਾਰਟੀ ਇੰਚਾਰਜ ਹਰੀਸ਼ ਰਾਵਤ ਨੇ ਵੀ ਪ੍ਰਦੀਪ ਛਾਬੜਾ ਨਾਲ ਫ਼ੋਨ 'ਤੇ ਗੱਲ ਕੀਤੀ। ਰਾਵਤ ਨੇ ਛਾਬੜਾ ਨੂੰ ਆਪਣਾ ਅਸਤੀਫਾ ਵਾਪਸ ਲੈਣ ਲਈ ਕਿਹਾ ਸੀ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਪ੍ਰਦੀਪ ਛਾਬੜਾ ਨੂੰ ਆਮ ਆਦਮੀ ਦੀ ਕੌਮੀ ਕਾਰਜਕਾਰਨੀ ਵਿੱਚ ਜਗ੍ਹਾ ਦਿੱਤੀ ਜਾ ਸਕਦੀ ਹੈ।


ਸਾਬਕਾ ਕੌਂਸਲਰ ਚੰਦਰਮੁਖੀ ਸ਼ਰਮਾ ਦੀਆਂ ਕੋਸ਼ਿਸ਼ਾਂ ਸਦਕਾ ਪ੍ਰਦੀਪ ਛਾਬੜਾ ਹੁਣ ‘ਆਪ’ ਵਿੱਚ ਸ਼ਾਮਲ ਹੋਏ ਹਨ। ਚੰਦਰਮੁਖੀ ਸ਼ਰਮਾ ਵੀ ਇਸ ਤੋਂ ਪਹਿਲਾਂ ਕਾਂਗਰਸ ਦੇ ਹੀ ਆਗੂ ਸਨ, ਪਰ ਉਹ ਵੀ ਸਾਬਕਾ ਕੇਂਦਰੀ ਮੰਤਰੀ ਪਵਨ ਬਾਂਸਲ ਤੋਂ ਨਾਰਾਜ਼ ਹੋ ਕੇ 3 ਸਾਲ ਪਹਿਲਾਂ 'ਆਪ' ਵਿੱਚ ਸ਼ਾਮਲ ਹੋਏ ਸਨ। ਇਨ੍ਹੀਂ ਦਿਨੀਂ ਚੰਦਰਮੁਖੀ ਸ਼ਰਮਾ ਨੂੰ ਆਮ ਆਦਮੀ ਪਾਰਟੀ ਦੀ ਤਰਫੋਂ ਚੰਡੀਗੜ੍ਹ ਨਗਰ ਨਿਗਮ ਚੋਣਾਂ ਦਾ ਇੰਚਾਰਜ ਬਣਾਇਆ ਗਿਆ ਹੈ।


ਪ੍ਰਦੀਪ ਛਾਬੜਾ ਪਿਛਲੇ 35 ਸਾਲਾਂ ਤੋਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ। ਉਹ ਮਿਊਂਸਪਲ ਮੇਅਰ ਅਤੇ ਸੀਨੀਅਰ ਡਿਪਟੀ ਮੇਅਰ ਵੀ ਰਹਿ ਚੁੱਕੇ ਹਨ। ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ 'ਤੇ ਪ੍ਰਦੀਪ ਛਾਬੜਾ ਦਾ 'ਆਪ' ਕਨਵੀਨਰ ਪ੍ਰੇਮ ਗਰਗ ਨੇ ਸਵਾਗਤ ਕੀਤਾ ਹੈ।


ਪ੍ਰਦੀਪ ਛਾਬੜਾ ਛੇਤੀ ਹੀ ਚੰਡੀਗੜ੍ਹ ਵਿੱਚ ਇੱਕ ਵੱਡਾ ਰਾਜਨੀਤਿਕ ਪ੍ਰੋਗਰਾਮ ਆਯੋਜਿਤ ਕਰਨਗੇ, ਜਿਸ ਵਿੱਚ ਉਹ ਆਪਣੇ ਅਤੇ ਹੋਰ ਸਮਰਥਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਨਗੇ। ਪ੍ਰਦੀਪ ਛਾਬੜਾ ਨੂੰ ਪਾਰਟੀ ਹਾਈ ਕਮਾਂਡ ਨੇ ਇਸ ਸਾਲ ਜਨਵਰੀ ਵਿੱਚ ਪ੍ਰਧਾਨ ਦੇ ਅਹੁਦੇ ਤੋਂ ਹਟਾ ਦਿੱਤਾ ਸੀ। ਛਾਬੜਾ ਦੇ ‘ਆਪ’ ਵਿੱਚ ਸ਼ਾਮਲ ਹੋਣ ਕਾਰਨ ਚੰਡੀਗੜ੍ਹ ਕਾਂਗਰਸ ਨੂੰ ਵੀ ਵੱਡਾ ਝਟਕਾ ਲੱਗਾ ਹੈ। ਕਿਉਂਕਿ ਦਸੰਬਰ ਵਿੱਚ ਨਿਗਮ ਚੋਣਾਂ ਹਨ। ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਛਾਬੜਾ ਦੇ ਸਮਰਥਕ ਵੀ ‘ਆਪ’ ਵਿੱਚ ਸ਼ਾਮਲ ਹੋ ਜਾਣਗੇ, ਜੋ ਚੋਣਾਂ ਵਿੱਚ ਕਾਂਗਰਸ ਨੂੰ ਨੁਕਸਾਨ ਪਹੁੰਚਾ ਸਕਦੇ ਹਨ।


ਇਹ ਵੀ ਪੜ੍ਹੋ: ਕੇਂਦਰ ਸਰਕਾਰ ਵੱਲੋਂ ਪੁਲਿਸ ਫੋਰਸਾਂ 'ਚ ਮਹਿਲਾ ਕਰਮਚਾਰੀਆਂ ਦੀ ਗਿਣਤੀ 33 ਫੀਸਦੀ ਤੱਕ ਵਧਾਉਣ ਦੇ ਨਿਰਦੇਸ਼


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904