Lok Sabha Election: ਲੋਕ ਸਭਾ ਚੋਣਾਂ ਤੋਂ ਪਹਿਲਾਂ ਹੋ ਰਹੀਆਂ ਦਲਬਦੀਆਂ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਫਾ ਨਜ਼ਰ ਆਏ ਹਨ। ਚੰਨੀ ਨੇ ਸੁਸ਼ੀਲ ਰਿੰਕੂ ਦੇ ਭਾਜਪਾ ਵਿੱਚ ਜਾਣ ਨੂੰ ਲੈ ਕੇ ਤੰਜ ਕਸਦਿਆਂ ਕਿਹਾ ਕਿ ਸਾਇਕਲ ਦਾ ਵੀ ਕੋਈ ਸਟੈਂਡ ਹੁੰਦਾ ਪਰ ਰਿੰਕੂ ਦਾ ਸਟੈਂਡ ਹੀ ਕੋਈ ਨਹੀਂ।
ਸਾਬਕਾ ਮੁੱਖ ਮੰਤਰੀ ਨੇ ਰਿੰਕੂ ਖਿਲਾਫ਼ ਹੋ ਰਹੇ ਆਪ ਦੇ ਪ੍ਰਦਰਸ਼ਨਾਂ ਤੇ ਆਮ ਆਦਮੀ ਪਾਰਟੀ ਨੂੰ ਵੀ ਘੇਰਿਆ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਅੱਜ ਉਸ ਨੂੰ ਗ਼ੱਦਾਰ ਦੱਸ ਰਹੇ ਹਨ ਪਰ ਜਦੋਂ ਰਿੰਕੂ ਕਾਂਗਰਸ ਛੱਡ ਕੇ ਆਇਆ ਸੀ ਉਸ ਦੌਰਾਨ ਤੁਸੀਂ ਉਸ ਨੂੰ ਦੇਸ਼ ਭਗਤ ਦੱਸਦੇ ਸੀ ਪਰ ਅੱਜ ਜਦੋਂ ਤਹਾਨੂੰ ਛੱਡ ਕੇ ਗਿਆ ਤਾਂ ਤੁਸੀਂ ਉਸ ਨੂੰ ਗ਼ੱਦਾਰ ਕਹਿ ਰਹੇ ਹੋ। ਚੰਨੀ ਨੇ ਕਿਹਾ ਕਿ ਜਿਹੜਾ ਲਾਹੌਰ ਮਾੜਾ ਉਹਨੇ ਪਿਸ਼ੌਰ ਵੀ ਮਾੜਾ ਹੀ ਰਹਿਣਾ।
ਦਰਅਸਲ ਪਿਛਲੇ ਦਿਨੀਂ ਜਲੰਧਰ ਤੋਂ ਆਪ ਦੇ ਇਕਲੌਤੇ ਐੱਮਪੀ ਅਤੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਸਣੇ ਜਲੰਧਰ ਵੈਸਟ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਇਨ੍ਹਾਂ ਦੋਵਾਂ ਲੀਡਰਾਂ ਖਿਲਾਫ਼ ਆਮ ਆਦਮੀ ਪਾਰਟੀ ਅੱਗ ਬਬੂਲਾ ਹੋ ਗਈ ਹੈ ਅਤੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਹਨ।
ਆਮ ਆਦਮੀ ਪਾਰਟੀ ਨੇ ਰਿੰਕੂ ਤੋਂ ਜਲੰਧਰ ਤੋਂ ਐਲਾਨਿਆ ਸੀ ਉਮੀਦਵਾਰ
ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇਹ ਗੱਲ ਸਾਹਮਣੇ ਆਈ ਸੀ ਕਿ ਰਿੰਕੂ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ 'ਚ ਸ਼ਾਮਲ ਹੋਣਗੇ ਪਰ ਰਿੰਕੂ ਨੇ ਉਦੋਂ ਨਾਂਹ ਕਰ ਦਿੱਤੀ ਸੀ। ਸੁਸ਼ੀਲ ਕੁਮਾਰ ਰਿੰਕੂ ਪਿਛਲੇ ਸਾਲ ਜਲੰਧਰ 'ਚ ਹੋਈਆਂ ਜ਼ਿਮਨੀ ਚੋਣਾਂ ਤੋਂ ਪਹਿਲਾਂ 'ਆਪ' 'ਚ ਸ਼ਾਮਲ ਹੋਏ ਸਨ। 'ਆਪ' ਨੇ ਜਲੰਧਰ ਸੀਟ ਤੋਂ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਜਿਸ ਵਿੱਚ ਰਿੰਕੂ ਜੇਤੂ ਰਿਹਾ ਸੀ। ਇਸ ਵਾਰ ਵੀ ‘ਆਪ’ ਨੇ ਜਲੰਧਰ ਸੀਟ ਤੋਂ ਰਿੰਕੂ ਨੂੰ ਉਮੀਦਵਾਰ ਐਲਾਨਿਆ ਸੀ।