Faridkot News : ਆਮਦਨ ਤੋਂ ਵੱਧ ਜਾਇਦਾਦ ਮਾਮਲੇ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਮੰਗਲਵਾਰ ਨੂੰ ਗ੍ਰਿਫ਼ਤਾਰ ਕੀਤੇ ਗਏ ਫਰੀਦਕੋਟ ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਨੂੰ ਫਰੀਦਕੋਟ ਅਦਾਲਤ ਵਿਚ ਪੇਸ਼ ਕੀਤਾ ਗਿਆ ਹੈ। ਜਿੱਥੇ ਅਦਾਲਤ ਨੇ ਕਿੱਕੀ ਢਿੱਲੋਂ ਨੂੰ ਪੰਜ ਦਿਨ ਦੇ ਯਾਨੀ 22 ਮਈ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿਤਾ ਹੈ।


 

ਸੁਣਵਾਈ ਮਗਰੋਂ ਬਚਾਅ ਪੱਖ ਦੇ ਵਕੀਲ ਸਤਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਅਦਾਲਤ ਨੂੰ ਦੱਸਿਆ ਕਿ ਉਨ੍ਹਾਂ ਖਿਲਾਫ਼ ਕੋਈ ਸਬੂਤ ਨਹੀਂ ਹੈ ਅਤੇ ਇਹ ਮਾਮਲਾ ਸਿਆਸਤ ਤੋਂ ਪ੍ਰੇਰਿਤ ਹੈ। ਉਨ੍ਹਾਂ ਨੇ ਵਿਜੀਲੈਂਸ ਜਾਂਚ ਵਿਚ ਹਰ ਤਰ੍ਹਾਂ ਦਾ ਸਹਿਯੋਗ ਦਿਤਾ ਅਤੇ 11 ਵਾਰ ਉਹ ਵਿਜੀਲੈਂਸ ਸਾਹਮਣੇ ਪੇਸ਼ ਵੀ ਹੋਏ।

 


 

ਬੀਤੇ ਕੱਲ ਵਿਜੀਲੈਂਸ ਬਿਉਰੋ ਦੇ ਬੁਲਾਰੇ ਨੇ ਦੱਸਿਆ ਸੀ ਕਿ ਉਪਰੋਕਤ ਵਿਧਾਇਕ ਸਮੇਤ ਪਿੰਡ ਦੇ ਧੰਨਾ, ਜਿਲਾ ਫਰੀਦਕੋਟ ਦੇ ਵਸਨੀਕ ਗੁਰਸੇਵਕ ਸਿੰਘ ਦੇ ਨਾਲ-ਨਾਲ ਪਿੰਡ ਨਾਨਕਸਰ ਸ਼ਹੀਦ, ਫਿਰੋਜ਼ਪੁਰ ਜ਼ਿਲ੍ਹੇ ਦੇ ਰਾਜਵਿੰਦਰ ਸਿੰਘ ਖਿਲਾਫ ਵਿਜੀਲੈਂਸ ਜਾਂਚ ਤੋਂ ਬਾਅਦ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। 

 


 

ਉਨਾਂ ਦੱਸਿਆ ਕਿ ਉਸਦੀ ਸਾਰੀ ਚੱਲ ਅਤੇ ਅਚੱਲ ਸੰਪਤੀਆਂ ਦਾ ਮੁਲਾਂਕਣ ਕਰਨ ਲਈ ਬਿਊਰੋ ਦੁਆਰਾ 01-04-2017 ਤੋਂ 31-03-2022 ਤੱਕ ਪੰਜ ਸਾਲਾਂ ਲਈ ਇੱਕ ਜਾਂਚ ਦੀ ਮਿਆਦ ਨਿਰਧਾਰਤ ਕੀਤੀ ਗਈ ਸੀ। ਜਾਂਚ ਦੌਰਾਨ ਇਹ ਪਾਇਆ ਗਿਆ ਕਿ ਸਾਬਕਾ ਵਿਧਾਇਕ ਨੇ ਆਪਣੀ ਕੁੱਲ ਆਮਦਨ ਤੋਂ ਵੱਧ ਦੌਲਤ ਬਣਾਈ ਹੈ ਅਤੇ ਪਿੰਡ ਮੁਮਾਰਾ, ਤਹਿਸੀਲ ਸਾਦਿਕ, ਜਿਲਾ ਫਰੀਦਕੋਟ ਵਿੱਚ ਹੋਰ ਵਿਅਕਤੀਆਂ ਦੇ ਨਾਮ 'ਤੇ ਜਾਇਦਾਦ ਖਰੀਦੀ ਹੈ। ਉਸਨੇ ਅੱਗੇ ਕਿਹਾ ਕਿ ਇਹ ਵੀ ਪਾਇਆ ਗਿਆ ਕਿ ਉਸਨੇ ਆਪਣੀ ਆਮਦਨੀ ਦੇ ਜਾਣੂ ਸਰੋਤਾਂ ਨਾਲੋਂ ਲਗਭਗ 245 ਪ੍ਰਤੀਸ਼ਤ ਖਰਚ ਕੀਤਾ ਹੈ।

 

ਦੱਸ ਦੀਏ ਕਿ ਬੀਤੇ ਕੱਲ੍ਹ ਫਿਰੋਜ਼ਪੁਰ ਵਿਖੇ ਵਿਜੀਲੈਂਸ ਦਫ਼ਤਰ ਕੁਸ਼ਲਦੀਪ ਸਿੰਘ ਨੂੰ ਬੁਲਾਇਆ ਸੀ ਤੇ ਉਨ੍ਹਾਂ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਸੀ। ਕੁਸ਼ਲਦੀਪ ਸਿੰਘ ਢਿੱਲੋਂ ਨੂੰ ਹੁਣ ਦੁਬਾਰਾ 22 ਮਈ ਨੂੰ ਫਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।