Kapurthala News : ਅਮਰੀਕਾ ਦੇ ਸ਼ਹਿਰ ਫਰਿਜ਼ਨੋ ਵਿੱਚ ਇੱਕ ਸੜਕ ਹਾਦਸੇ ਵਿੱਚ ਕਪੂਰਥਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਡਾਕਟਰ ਅਤੇ ਉਸਦੇ ਵਕੀਲ ਪਿਤਾ ਦੀ ਮੌਤ ਹੋ ਗਈ ਹੈ। ਨੌਜਵਾਨ ਡਾਕਟਰ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਆਪਣੇ ਪਰਿਵਾਰ ਨਾਲ ਡਿਗਰੀ ਮਿਲਣ ਦੀ ਖੁਸ਼ੀ 'ਚ ਪਾਰਟੀ ਕਰਨ ਜਾ ਰਿਹਾ ਸੀ। ਇਸ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ ਹੋ ਗਈ ਜਦਕਿ ਡਾਕਟਰ ਦੀ ਮਾਂ ਸੜਕ ਹਾਦਸੇ 'ਚ ਗੰਭੀਰ ਜ਼ਖਮੀ ਹੋ ਗਈ ਹੈ।
ਮ੍ਰਿਤਕਾਂ ਦੀ ਪਛਾਣ ਪਿਤਾ-ਪੁੱਤਰ ਕਪੂਰਥਲਾ ਦੇ ਭੁਲੱਥ ਇਲਾਕੇ ਦੇ ਪਿੰਡ ਬੋਪਾਰਾਏ ਦੇ ਐਡਵੋਕੇਟ ਕੁਲਵਿੰਦਰ ਸਿੰਘ ਹੰਸਪਾਲ ਅਤੇ ਉਸ ਦੇ ਪੁੱਤਰ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜਦਕਿ ਇਸ ਸੜਕ ਹਾਦਸੇ ਵਿੱਚ ਕੁਲਵਿੰਦਰ ਸਿੰਘ ਹੰਸਪਾਲ ਪਤਨੀ ਬਲਬੀਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਭਰਾ ਹਰਜਿੰਦਰ ਸਿੰਘ ਵਾਸੀ ਪਿੰਡ ਬੋਪਾਰਾਏ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਹੰਸਪਾਲ ਆਪਣੀ ਪਤਨੀ ਅਤੇ ਬੱਚੇ ਨਾਲ ਪਿਛਲੇ 15 ਸਾਲਾਂ ਤੋਂ ਅਮਰੀਕਾ ਵਿੱਚ ਰਹਿ ਰਿਹਾ ਸੀ।
ਬੀਤੀ 10 ਮਈ ਨੂੰ ਕੁਲਵਿੰਦਰ ਸਿੰਘ ਆਪਣੇ ਲੜਕੇ ਸੁਖਵਿੰਦਰ ਸਿੰਘ ਅਤੇ ਪਤਨੀ ਬਲਵੀਰ ਕੌਰ ਨਾਲ ਆਪਣੇ ਬੇਟੇ ਨੂੰ ਡਾਕਟਰ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਦੀ ਖੁਸ਼ੀ 'ਚ ਇੱਕ ਪਾਰਟੀ ਕਰਨ ਲਈ ਆਪਣੀ ਕਾਰ ਵਿਚ ਜਾ ਰਹੇ ਸਨ। ਦੂਜੀ ਕਾਰ ਦਾ ਟਾਇਰ ਖੁੱਲ ਕੇ ਟਕਰਾਇਆ ਅਤੇ ਇਸ ਦੌਰਾਨ ਰਸਤੇ 'ਚ ਇੱਕ ਹੋਰ ਕਾਰ ਦਾ ਟਾਇਰ ਖੁੱਲ ਕੇ ਇਨ੍ਹਾਂ ਦੀ ਗੱਡੀ ਨਾਲ ਟਕਰਾ ਗਿਆ।
ਜਿਸ ਕਾਰਨ ਉਸ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਪਲਟ ਗਈ ਅਤੇ ਪਲਟਣ ਕਾਰਨ ਉਸ ਦੇ ਲੜਕੇ ਸੁਖਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਕੁਲਵਿੰਦਰ ਸਿੰਘ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ 2 ਦਿਨ ਬਾਅਦ ਉਸ ਦੀ ਮੌਤ ਹੋ ਗਈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਇਸ ਸੜਕ ਹਾਦਸੇ ਵਿੱਚ ਬਲਬੀਰ ਕੌਰ ਗੰਭੀਰ ਜ਼ਖ਼ਮੀ ਹੋ ਗਈ ਸੀ ਅਤੇ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹੈ।
ਅਮਰੀਕਾ 'ਚ ਹੋਏ ਇਸ ਸੜਕ ਹਾਦਸੇ 'ਚ ਪਿਓ-ਪੁੱਤ ਦੀ ਮੌਤ ਹੋਣ ਕਾਰਨ ਪਿੰਡ 'ਚ ਸੋਗ ਦੀ ਲਹਿਰ ਫੈਲ ਗਈ। ਇਸ ਸਬੰਧੀ ਪਿੰਡ ਦੇ ਨੰਬਰਦਾਰ ਹਰਵਿੰਦਰ ਸਿੰਘ, ਰਛਪਾਲ ਸਿੰਘ ਸਾਬਕਾ ਸਰਪੰਚ, ਐਡਵੋਕੇਟ ਕੁਲਵੰਤ ਸਿੰਘ ਸਹਿਗਲ, ਐਡਵੋਕੇਟ ਪਰਵਿੰਦਰ ਸਿੰਘ, ਐਡਵੋਕੇਟ ਸੁਖਵਿੰਦਰ ਸਿੰਘ ਆਦਿ ਨੇ ਇਸ ਹਾਦਸੇ ਵਿੱਚ ਐਡਵੋਕੇਟ ਕੁਲਵਿੰਦਰ ਸਿੰਘ ਹੰਸਪਾਲ ਅਤੇ ਉਨ੍ਹਾਂ ਦੇ ਪੁੱਤਰ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |