ਫ਼ਰੀਦਕੋਟ: ਬੇਅਦਬੀ ਤੇ ਗੋਲ਼ੀਕਾਂਡਾਂ ਦੀ ਪੜਤਾਲ ਕਰ ਵਿਸ਼ੇਸ਼ ਜਾਂਚ ਟੀਮ ਦੇ ਸਾਹਮਣੇ ਤਤਕਾਲੀ ਅਕਾਲੀ ਹਲਕਾ ਵਿਧਾਇਕ ਨੇ ਵੀ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਬਿਆਨ ਦਰਜ ਕਰਵਾਉਣ ਤੋਂ ਬਾਅਦ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਪੁਲਿਸ ਕਾਰਵਾਈ ਬਾਰੇ ਕਿਹਾ ਕਿ ਕੁਝ ਸ਼ਰਾਰਤੀ ਅਨਸਰਾਂ ਕਰਕੇ ਹੀ ਤਾਕਤ ਦੀ ਵਰਤੋਂ ਕੀਤੀ ਗਈ ਸੀ।
ਬਿਆਨ ਦਰਜ ਕਰਵਾਉਣ ਤੋਂ ਬਾਅਦ ਸਾਬਕਾ ਵਿਧਾਇਕ ਨੇ ਦਾਅਵਾ ਕੀਤਾ ਕਿ ਸਰਕਾਰ ਸ਼ਾਂਤਮਈ ਤਰੀਕੇ ਨਾਲ ਧਰਨੇ ਨੂੰ ਖ਼ਤਮ ਕਰਵਾਉਣਾ ਚਾਹੁੰਦੀ ਸੀ, ਪਰ ਕੁਝ ਸ਼ਰਾਰਤੀ ਅਨਸਰਾਂ ਕਰਕੇ ਹੀ ਪੁਲਿਸ ਨੂੰ ਸਖ਼ਤੀ ਵਰਤਣੀ ਪਈ। ਇਸ ਤੋਂ ਇਲਾਵਾ ਐਸਆਈਟੀ ਸਨਮੁਖ ਤਤਕਾਲੀ ਡੀਐਸਪੀ ਬਲਜੀਤ ਸਿੰਘ ਨੇ ਵੀ ਆਪਣੇ ਬਿਆਨ ਦਰਜ ਕਰਵਾਏ।
ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੱਲੋਂ ਜਾਰੀ ਵੀਡੀਓਜ਼ ਤੋਂ ਇਲਾਵਾ ਹਾਲੇ ਤਕ ਜਿੰਨੇ ਵੀ ਸਬੂਤ ਸਾਹਮਣੇ ਆਏ ਹਨ, ਉੱਥੋਂ ਇਹੋ ਪਤਾ ਲੱਗ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਿੱਚ ਸਿੱਖਾਂ ਦਾ ਧਰਨਾ ਸ਼ਾਂਤਮਈ ਹੀ ਸੀ।
ਸਿੱਧੂ ਵੱਲੋਂ ਜਾਰੀ ਵੀਡੀਓਜ਼ ਮੁਤਾਬਕ ਜਿਸ ਸਮੇਂ ਪੁਲਿਸ ਨੇ ਕੋਟਕਪੂਰਾ ਵਿੱਚ ਧਰਨੇ ਨੂੰ ਉਠਾਉਣ ਲਈ ਹੰਭਲਾ ਮਾਰਿਆ ਉਸ ਤੋਂ ਪਹਿਲਾਂ ਕਿਸੇ ਕਿਸਮ ਦੀ ਹਿੰਸਾ ਨਹੀਂ ਸੀ ਹੋਈ, ਪਰ ਕਾਰਵਾਈ ਤੋਂ ਭੜਕੇ ਸਿੱਖਾਂ ਨੂੰ ਰੋਕਣ ਲਈ ਪੁਲਿਸ ਨੇ ਗੋਲ਼ੀ ਚਲਾ ਦਿੱਤੀ ਸੀ। ਅਕਤੂਬਰ 2015 ਦੌਰਾਨ ਕੀਤੀ ਗਈ ਇਸ ਪੁਲਿਸ ਕਾਰਵਾਈ ਵਿੱਚ ਦੋ ਸਿੱਖ ਨੌਜਵਾਨ ਗੋਲ਼ੀ ਦਾ ਸ਼ਿਕਾਰ ਹੋ ਗਏ ਸਨ।