Darshan Singh Kotfatta join BJP : ਪੰਜਾਬ ਦੀ ਸਿਆਸਤ ਨਾਲ ਜੁੜੀ ਅਹਿਮ ਖ਼ਬਰ ਸਾਹਮਣੇ ਆਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਬਠਿੰਡਾ ਦਿਹਾਤੀ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਆਪਣੇ ਕਈ ਸਮਰਥਕਾਂ, ਸਰਪੰਚਾਂ ਅਤੇ ਪੰਚਾਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਉਨ੍ਹਾਂ ਨੂੰ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ।
ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਪੰਜਾਬ ਵਿੱਚ ਭਾਜਪਾ ਦਾ ਸੰਗਠਨ ਲਗਾਤਾਰ ਮਜ਼ਬੂਤ ਹੋ ਰਿਹਾ ਹੈ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਨਾਲ ਜੁੜੇ ਆਗੂ ਤੇ ਵਰਕਰ ਭਾਜਪਾ ਦਾ ਹਿੱਸਾ ਬਣ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨਾਲ ਜੁੜਨ ਵਾਲੇ ਆਗੂਆਂ ਦੇ ਤਜਰਬੇ ਅਤੇ ਲੋਕਾਂ ਨਾਲ ਉਨ੍ਹਾਂ ਦੇ ਸੰਪਰਕ ਦਾ ਭਾਜਪਾ ਨੂੰ ਫਾਇਦਾ ਮਿਲੇਗਾ।
ਦਰਸ਼ਨ ਸਿੰਘ ਕੋਟਫੱਤਾ ਸਮੇਤ ਕਈ ਆਗੂ ਭਾਜਪਾ ’ਚ ਸ਼ਾਮਲ
ਭਾਜਪਾ ਵਿੱਚ ਸ਼ਾਮਲ ਹੋਣ ਵਾਲਿਆਂ ਵਿੱਚ ਸਾਬਕਾ ਵਿਧਾਇਕ ਦਰਸ਼ਨ ਸਿੰਘ ਕੋਟਫੱਤਾ ਤੋਂ ਇਲਾਵਾ ਮਿੰਟੂ ਸਿੰਘ ਸਮੇਤ ਕਈ ਸਰਪੰਚ, ਪੰਚ ਅਤੇ ਸਥਾਨਕ ਆਗੂ ਸ਼ਾਮਲ ਹਨ। ਕੇਵਲ ਸਿੰਘ ਢਿੱਲੋਂ ਨੇ ਨਵੇਂ ਆਗੂਆਂ ਅਤੇ ਵਰਕਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ।
ਉਨ੍ਹਾਂ ਕਿਹਾ ਕਿ ਦਰਸ਼ਨ ਸਿੰਘ ਕੋਟਫੱਤਾ ਲੰਬੇ ਸਮੇਂ ਤੋਂ ਸਮਾਜ ਅਤੇ ਲੋਕਾਂ ਨਾਲ ਜੁੜੇ ਹੋਏ ਹਨ। ਉਨ੍ਹਾਂ ਦੇ ਸਿਆਸੀ ਤਜਰਬੇ ਦਾ ਪਾਰਟੀ ਨੂੰ ਲਾਭ ਮਿਲੇਗਾ। ਢਿੱਲੋਂ ਨੇ ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੇ ਹੋਰ ਵੀ ਕਈ ਆਗੂ ਅਤੇ ਵਰਕਰ ਭਾਜਪਾ ਨਾਲ ਜੁੜ ਸਕਦੇ ਹਨ।
ਵਿਰੋਧੀ ਧਿਰਾਂ ’ਤੇ ਕੇਵਲ ਢਿੱਲੋਂ ਦਾ ਨਿਸ਼ਾਨਾ
ਇਸ ਦੌਰਾਨ ਕੇਵਲ ਸਿੰਘ ਢਿੱਲੋਂ ਨੇ ਵਿਰੋਧੀ ਧਿਰਾਂ ’ਤੇ ਵੀ ਤਿੱਖਾ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਦੇਸ਼ ਤਰੱਕੀ ਕਰ ਰਿਹਾ ਹੈ, ਜਿਸ ਕਾਰਨ ਵਿਰੋਧੀ ਪਾਰਟੀਆਂ ਵਿੱਚ ਨਿਰਾਸ਼ਾ ਹੈ।
ਉਨ੍ਹਾਂ ਵਿਧਾਨ ਸਭਾ ਦੇ ਸੈਸ਼ਨਾਂ ਦੇ ਬਾਈਕਾਟ ਨੂੰ ਲੈ ਕੇ ਵੀ ਵਿਰੋਧੀ ਧਿਰਾਂ ਨੂੰ ਘੇਰਿਆ। ਕੇਵਲ ਢਿੱਲੋਂ ਨੇ ਕਿਹਾ ਕਿ ਵਿਧਾਨ ਸਭਾ ਦਾ ਹਰ ਸੈਸ਼ਨ ਲੋਕਾਂ ਦੇ ਪੈਸੇ ਨਾਲ ਚੱਲਦਾ ਹੈ ਅਤੇ ਇਸ ’ਤੇ ਕਰੋੜਾਂ ਰੁਪਏ ਖ਼ਰਚ ਹੁੰਦੇ ਹਨ। ਜੇਕਰ ਵਿਰੋਧੀ ਧਿਰ ਨੂੰ ਸਰਕਾਰ ਤੋਂ ਕੋਈ ਸਵਾਲ ਪੁੱਛਣਾ ਹੈ ਤਾਂ ਉਸ ਨੂੰ ਸਦਨ ਦੇ ਅੰਦਰ ਰਹਿ ਕੇ ਆਪਣੀ ਗੱਲ ਰੱਖਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨਾਲ ਸਬੰਧਤ ਕਿਸੇ ਮੁੱਦੇ ’ਤੇ ਜਵਾਬ ਚਾਹੀਦਾ ਹੋਵੇ ਤਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜਾਂ ਹੋਰ ਕੇਂਦਰੀ ਮੰਤਰੀਆਂ ਤੋਂ ਵੀ ਜਵਾਬ ਮੰਗਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਸਵਾਲ ਕਰਨਾ ਵਿਰੋਧੀ ਧਿਰ ਦਾ ਅਧਿਕਾਰ ਹੈ ਪਰ ਵਿਧਾਨ ਸਭਾ ਦੀ ਕਾਰਵਾਈ ਦਾ ਬਾਈਕਾਟ ਕਰਨਾ ਲੋਕਾਂ ਦੇ ਪੈਸੇ ਦੀ ਬਰਬਾਦੀ ਹੈ। ਕੇਵਲ ਢਿੱਲੋਂ ਨੇ ਵਿਰੋਧੀ ਧਿਰਾਂ ਨੂੰ ਅਪੀਲ ਕੀਤੀ ਕਿ ਉਹ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਹੋਣ ਅਤੇ ਪੰਜਾਬ ਤੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਗੰਭੀਰਤਾ ਨਾਲ ਚਰਚਾ ਕਰਨ।
