ਉਮਰ ਕੈਦ ਭੋਗ ਰਹੇ ਸਾਬਕਾ ਥਾਣੇਦਾਰ ਦੀ ਮੌਤ
ਏਬੀਪੀ ਸਾਂਝਾ | 27 Nov 2017 06:17 PM (IST)
ਪੁਰਾਣੀ ਤਸਵੀਰ
ਬਠਿੰਡਾ: ਕੇਂਦਰੀ ਜੇਲ੍ਹ ਵਿੱਚ ਸਜ਼ਾਯਾਫਤਾ ਪੰਜਾਬ ਪੁਲਿਸ ਦੇ ਸਾਬਕਾ ਸਹਾਇਕ ਸਬ ਇੰਸਪੈਕਟਰ ਨਰਿੰਦਰ ਪਾਲ ਸਿੰਘ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ 68 ਵਰ੍ਹਿਆਂ ਦਾ ਸੀ ਤੇ 2013 ਤੋਂ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਸੀ। ਦਿਲ ਦਾ ਦੌਰਾ ਪੈਣ ਤੋਂ ਬਾਅਦ ਜਦੋਂ ਉਸ ਨੂੰ ਹਸਪਤਾਲ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਨਰਿੰਦਰ ਪਾਲ ਸਿੰਘ ਦੇ ਪੁੱਤਰ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਜੇਲ੍ਹ ਜਾਣ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਆਰਥਕ ਤੰਗੀ ਵਿੱਚੋਂ ਲੰਘ ਰਿਹਾ ਹੈ। ਕੀ ਹੈ ਪੂਰਾ ਮਾਮਲਾ- ਅਬੋਹਰ ਦੀ ਭਵਾਨੀ ਕਾਟਨ ਮਿੱਲ ਦੇ 8 ਮਜ਼ਦੂਰਾਂ ਦੀ ਦੋ ਦਹਾਕੇ ਪਹਿਲਾਂ ਸਾਲ 1991 ਵਿੱਚ ਪੁਲਿਸ ਫਾਇਰਿੰਗ ਵਿੱਚ ਹੋਈ ਮੌਤ ਦੇ ਕੇਸ ’ਚ ਸਥਾਨਕ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਜੇ.ਐਸ. ਮੈਰੋਕ ਦੀ ਅਦਾਲਤ ਨੇ ਚਾਰ ਪੁਲਿਸ ਮੁਲਾਜ਼ਮਾਂ ਨੂੰ ਉਮਰ ਕੈਦ ਤੇ 25-25 ਹਜ਼ਾਰ ਰੁਪਏ ਜ਼ੁਰਮਾਨੇ ਦੀ ਸਜ਼ਾ ਸੁਣਾਈ ਸੀ। ਇਸੇ ਕੇਸ ਵਿੱਚ ਹੀ ਪੁਲਿਸ ’ਤੇ ਪੱਥਰਬਾਜ਼ੀ ਕਰਨ ਦੇ ਦੋਸ਼ ਹੇਠ ਚਾਰ ਮੁਲਜ਼ਮਾਂ ਨੂੰ ਤਿੰਨ-ਤਿੰਨ ਸਾਲ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਵੀ ਸੁਣਾਈ ਸੀ। ਗੌਰਤਲਬ ਹੈ ਕਿ 25 ਅਕਤੂਬਰ, 1991 ਨੂੰ ਵਾਪਰੀ ਇਸ ਘਟਨਾ ’ਚ ਭਵਾਨੀ ਕਾਟਨ ਦੇ ਮਿੱਲ ਮਜ਼ਦੂਰਾਂ ਤੇ ਪੁਲਿਸ ਦਰਮਿਆਨ ਤਿੱਖੀ ਝੜਪ ਹੋ ਗਈ। ਮਿੱਲ ਮਜ਼ਦੂਰਾਂ ਦੇ ਪੁਲਿਸ ’ਤੇ ਪੱਥਰਬਾਜ਼ੀ ਕਰਨ ਦੇ ਜਵਾਬ ਵਿੱਚ ਪੁਲਿਸ ਨੇ ਫਾਇਰਿੰਗ ਕਰ ਦਿੱਤੀ। ਇਸ ਦੌਰਾਨ 8 ਮਜ਼ਦੂਰ ਮਾਰੇ ਗਏ ਤੇ 18 ਜ਼ਖ਼ਮੀ ਹੋ ਗਏ ਸਨ। ਪੁਲਿਸ ਨੇ ਪੱਥਰਬਾਜ਼ੀ ਦੇ ਦੋਸ਼ ਵਿੱਚ ਮਜ਼ਦੂਰਾਂ ’ਤੇ ਮੁਕੱਦਮਾ ਦਰਜ ਕੀਤਾ ਸੀ। ਮਗਰੋਂ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ’ਤੇ ਕੁਝ ਪੁਲਿਸ ਕਰਮਚਾਰੀਆਂ ਖਿਲਾਫ਼ ਵੀ ਮੁਕੱਦਮਾ ਦਰਜ ਕਰ ਲਿਆ ਗਿਆ ਸੀ। ਵਧੀਕ ਸੈਸ਼ਨ ਜੱਜ ਨੇ ਸੋਮਵਾਰ ਨੂੰ ਦੋਵਾਂ ਧਿਰਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲੀਸ ਮੁਲਾਜ਼ਮ ਪਿਆਰਾ ਸਿੰਘ, ਨਰਿੰਦਰਪਾਲ ਸਿੰਘ, ਹਰਦਮ ਸਿੰਘ ਤੇ ਗੁਰਚਰਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਦਕਿ ਕੁਝ ਪੁਲੀਸ ਮੁਲਾਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਇਸ ਦੇ ਨਾਲ ਹੀ ਇਸੇ ਕੇਸ ਵਿੱਚ ਮੁੱਦਈ ਅਤੇ ਗਵਾਹ ਬਣੇ ਉਕਤ ਚਾਰ ਲੋਕਾਂ ਨੂੰ ਵੀ ਕਰਾਸ ਕੇਸ ਵਿੱਚ ਤਿੰਨ-ਤਿੰਨ ਸਾਲ ਕੈਦ ਤੇ ਜ਼ੁਰਮਾਨੇ ਦੀ ਸਜ਼ਾ ਸੁਣਾਈ ਗਈ ਸੀ।