ਫ਼ਰੀਦਕੋਟ: ਸੀਆਈਏ ਸਟਾਫ ਫ਼ਰੀਦਕੋਟ ਵੱਲੋਂ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਗੈਂਗ ਦੇ ਚਾਰ ਖਤਰਨਾਕ ਬਦਮਾਸ਼ਾਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਦਾ ਇੱਕ ਸਾਥੀ ਭੱਜਣ ਵਿੱਚ ਕਾਮਯਾਬ ਹੋ ਗਿਆ। ਬਦਮਾਸ਼ਾਂ ਕੋਲੋਂ ਤਿੰਨ ਰਿਵਾਲਵਰ ਤੇ 31 ਕਾਰਤੂਸ ਤੇ ਇੱਕ ਕਾਪਾ ਬਰਾਮਦ ਕੀਤਾ ਗਿਆ।

ਪ੍ਰੈੱਸ ਕਾਨਫਰੰਸ ਦੌਰਾਨ ਐਸਐਸਪੀ ਰਾਜਬਚਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ। ਇਸ ਦੇ ਆਧਾਰ 'ਤੇ ਫ਼ਰੀਦਕੋਟ ਦੀ ਬੰਦ ਪਈ ਸ਼ੂਗਰ ਮਿਲ 'ਚ ਕੁਝ ਗਲਤ ਲੋਕ ਇਕੱਠੇ ਹੋ ਕੇ ਸਾਜ਼ਿਸ਼ ਰਚ ਰਹੇ ਹਨ। ਇਸ ਤੋਂ ਬਾਅਦ ਸੀਆਈਏ ਸਟਾਫ ਫ਼ਰੀਦਕੋਟ ਛਾਪੇਮਾਰੀ ਕਰ ਚਾਰ ਲੋਕਾਂ ਨੂੰ ਕਾਬੂ ਕਰ ਲਿਆ। ਜਦੋਕਿ ਇਨ੍ਹਾਂ ਦਾ ਇੱਕ ਸਾਥੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ।



ਕਾਬੂ ਕੀਤੇ ਗਏ ਬਦਮਾਸ਼ਾਂ ਦੀ ਪਛਾਣ ਦੌਰਾਨ ਪਤਾ ਲੱਗਿਆ ਕਿ ਇਨ੍ਹਾਂ ਚਾਰਾਂ ਉਪਰ ਪਹਿਲਾਂ ਵੀ ਕਈ ਸੰਗੀਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ ਕਤਲ, ਲੁੱਟ-ਖੋਹ, ਬਲੈਕ ਮੇਲਿੰਗ ਦੇ ਕੇਸ ਸ਼ਾਮਲ ਹਨ। ਫੜ੍ਹੇ ਗਏ ਮੁਲਜ਼ਮ ਕੁਝ ਸਮਾਂ ਪਹਿਲਾਂ ਹੀ ਜੇਲ੍ਹ ਵਿੱਚੋਂ ਬਾਹਰ ਆਏ ਹਨ ਤੇ ਕੁਝ ਜ਼ਮਾਨਤ 'ਤੇ ਹਨ। ਇਹ ਸਭ ਬਾਹਰ ਆ ਕੇ ਆਪਣੇ ਗੈਂਗ ਨੂੰ ਮੁੜ ਇਕੱਠਾ ਕਰਨ ਦੀ ਕੋਸ਼ਿਸ਼ ਵਿੱਚ ਸੀ।



ਐਸਐਸਪੀ ਨੇ ਦੱਸਿਆ ਕਿ ਇਨ੍ਹਾਂ ਬਦਮਾਸ਼ਾਂ ਖਿਲਾਫ ਫ਼ਰੀਦਕੋਟ ਤੋਂ ਇਲਾਵਾ ਹੋਰ ਕਿੱਥੇ ਤੇ ਕਿੰਨੇ ਕੇਸ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਭੱਜੇ ਗੈਂਗਸਟਰ ਨੂੰ ਵੀ ਛੇਤੀ ਕਾਬੂ ਕਰ ਲਿਆ ਜਾਵੇਗਾ।