ਨਵੀਂ ਦਿੱਲੀ: ਕੇਂਦਰੀ ਖੇਤੀ ਕਾਨੂੰਨਾਂ ਖਿਲਾਫ਼ ਜੰਗ ਕਰ ਰਹੇ ਕਿਸਾਨਾਂ ਦਾ ਦਿੱਲੀ ਮੋਰਚੇ ਦਾ ਅੱਜ ਸੱਤਵਾਂ ਦਿਨ ਹੈ। ਇਸ ਦੌਰਾਨ ਕਿਸਾਨਾਂ ਦੀ ਕੇਂਦਰ ਨਾਲ ਅੱਜ ਅਹਿਮ ਮੀਟਿੰਗ ਹੈ ਜੋ ਕਰੀਬ 12 ਵਜੇ ਸ਼ੁਰੂ ਹੋਏਗੀ। ਇਸ ਤੋਂ ਪਹਿਲਾਂ ਹੋਇਆਂ ਕਿਸਾਨਾਂ ਤੇ ਕੇਂਦਰ ਦੀਆਂ ਮੀਟਿਗਾਂ ਬੇਨਤੀਜਾ ਰਹੀਆਂ।


ਇਸ ਸੰਘਰਸ਼ ਦੌਰਾਨ ਦੁੱਖ ਦੀ ਗੱਲ ਹੈ ਕਿ ਹੁਣ ਤਕ ਚਾਰ ਕਿਸਾਨਾਂ ਦੀ ਮੌਤ ਹੋ ਗਈ ਹੈ। ਇਸ ਦੇ ਬਾਵਜੂਦ ਕਿਸਾਨਾਂ ਦਾ ਅੰਦੋਲਨ ਲਗਾਤਾਰ ਜਾਰੀ ਹੈ। ਖੇਤੀ ਕਾਨੂੰਨਾਂ ਦੇ ਵਿਰੋਧ ਪ੍ਰਦਰਸ਼ਨ 'ਚ ਡਟੇ ਕਿਸਾਨ ਆਪਣੀਆਂ ਮੰਗਾਂ ਪੂਰੀਆਂ ਹੋਣ ਤੋਂ ਬਾਅਦ ਹੀ ਇੱਥੋਂ ਹੱਟਣ ਦੀ ਗੱਲ ਕਹਿ ਰਹੇ ਹਨ।

ਸੰਘਰਸ਼ ਕਰ ਰਹੇ ਆਪਣੇ ਘਰਾਂ ਤੋਂ ਦੂਰ ਇਸ ਠੰਢ ਤੋਂ ਬੇਪ੍ਰਵਾਹ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਦੇ ਸੰਘਰਸ਼ ਲਈ ਵੀ ਤਿਆਰ ਹਨ। ਇਸ ਦੌਰਾਨ ਹੀ ਖ਼ਬਰ ਆਈ ਹੈ ਕਿ ਬੁੱਧਵਾਰ ਦੇਰ ਸ਼ਾਮ ਇੱਕ ਹੋਰ ਕਿਸਾਨ ਗੁਰਜੰਟ ਸਿੰਘ ਦੀ ਮੌਤ ਹੋ ਗਈ। ਉਨ੍ਹਾਂ ਦੀ ਉਮਰ ਕਰੀਬ 60 ਸਾਲ ਸੀ। ਦੱਸ ਦਈਏ ਕਿ ਗੁਰਜੰਟ ਸਿੰਘ ਦੀ ਮੌਤ ਬਹਾਦੁਰਗੜ੍ਹ ਬਾਰਡਰ 'ਤੇ ਹੋਈ।

ਇਸ ਤੋਂ ਪਹਿਲਾਂ ਦਿੱਲੀ ਬਾਰਡਰ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨ ਗੁਰਭਾਸ਼ ਸਿੰਘ ਦੀ ਮੌਤ ਹੋਈ ਸੀ। ਇਸ ਦੇ ਨਾਲ ਹੀ ਇੱਕ ਹੋਰ ਨੌਜਵਾਨ ਕਿਸਾਨ ਦੀ ਬੀਤੀ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਵਾਪਸ ਆਉਣ ਸਮੇਂ ਵਾਪਰੇ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ। ਜਾਣਕਾਰੀ ਮੁਤਾਬਕ ਕਿਸਾਨ ਗੁਰਜੰਟ ਸਿੰਘ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨਾਲ ਵਰਕਰ ਵਜੋਂ ਲੰਬੇ ਸਮੇਂ ਤੋਂ ਜੁੜਿਆ ਹੋਇਆ ਸੀ। ਮ੍ਰਿਤਕ ਕਿਸਾਨ ਆਪਣੇ ਪਿੱਛੇ ਪਤਨੀ, ਦੋ ਪੁੱਤਰ ਤੇ ਇੱਕ ਧੀ ਛੱਡ ਗਿਆ ਹੈ।

ਇਸੇ ਤਰ੍ਹਾਂ ਦਿੱਲੀ ਕਿਸਾਨ ਮੋਰਚੇ ਵਿੱਚ ਪਾਇਲ ਦੇ ਪਿੰਡ ਝੱਮਟ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ 'ਤੇ 27 ਨਵੰਬਰ ਨੂੰ ਦੋ ਮੋਟਰਸਾਈਕਲਾਂ ’ਤੇ ਸਵਾਰ ਚਾਰ ਨੌਜਵਾਨ ਦਿੱਲੀ ਕਿਸਾਨ ਮੋਰਚੇ ਵਿੱਚ ਗਏ ਸੀ। ਘਰੇਲੂ ਰੁਝੇਵਿਆਂ ਕਾਰਨ 1 ਦਸੰਬਰ ਨੂੰ ਸ਼ਾਮ ਕਰੀਬ 4 ਵਜੇ ਦਿੱਲੀ ਤੋਂ ਮੋਟਰਸਾਈਕਲ ’ਤੇ ਘਰ ਵਾਪਸ ਆ ਰਹੇ ਬਲਜਿੰਦਰ ਸਿੰਘ ਗੋਲੂ (31) ਪੁੱਤਰ ਸਵਰਗੀ ਜਗਤਾਰ ਸਿੰਘ ਵਾਸੀ ਪਿੰਡ ਝੰਮਟ, ਲੁਧਿਆਣਾ ਦੀ ਸੜਕ ਹਾਦਸੇ ’ਚ ਮੌਤ ਹੋ ਗਈ। ਇਹ ਕਿਸਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ ਆਪਣੀ ਮਾਤਾ ਚਰਨਜੀਤ ਕੌਰ, ਪਤਨੀ ਅਮਨਦੀਪ ਕੌਰ, ਇੱਕ ਪੁੱਤਰੀ ਅਤੇ ਇੱਕ ਪੁੱਤਰ ਛੱਡ ਗਿਆ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904