ਚੰਡੀਗੜ੍ਹ: ਭਾਰਤ ਦੀ ਖ਼ੁਫ਼ੀਆ ਏਜੰਸੀ ਰਾਅ ਦੇ ਨਵੇਂ ਡਾਇਰੈਕਟਰ ਸਾਮੰਤ ਗੋਇਲ ਮਲੇਰਕੋਟਲਾ ਦੇ ਜੰਮਪਲ ਹਨ। ਪੰਜਾਬ ਵਿੱਚ ਖਾੜਕੂਵਾਦ ਦੌਰਾਨ ਗੋਇਲ ਨੇ ਅਹਿਮ ਭੂਮਿਕਾ ਨਿਭਾਈ ਸੀ। ਪਿਛਲੇ ਦਿਨੀਂ ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ 'ਤੇ ਕੀਤੀ ਬਾਲਾਕੋਟ ਏਅਰ ਸਟ੍ਰਾਈਕ ਕਰਨ ਵਾਲੀ ਟੀਮ ਦੇ ਮੁੱਖ ਮੈਂਬਰ ਵੀ ਰਹਿ ਚੁੱਕੇ ਹਨ। ਇਸੇ ਕਾਰਨ ਕੇਂਦਰ ਸਰਕਾਰ ਨੇ ਉਨ੍ਹਾਂ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ।


ਸਾਮੰਤ ਗੋਇਲ 1984 ਬੈਚ ਦੇ ਆਈਪੀਐਸ ਅਧਿਕਾਰੀ ਹਨ। ਉਨ੍ਹਾਂ ਦੀ ਪਹਿਲੀ ਪੋਸਟਿੰਗ ਤਰਨ ਤਾਰਨ ਦੇ ਥਾਣਾ ਝਬਾਲ ਵਿੱਚ ਬਤੌਰ ਐਸਐਚਓ ਹੋਈ ਸੀ। ਇਹ ਆਈਪੀਐਸ ਅਧਿਕਾਰੀ ਵਜੋਂ ਉਨ੍ਹਾਂ ਦਾ ਸਿਖਲਾਈ ਕਾਲ ਸੀ। ਇਸ ਤੋਂ ਬਾਅਦ ਉਹ ਗੁਰਦਾਸਪੁਰ, ਅੰਮ੍ਰਿਤਸਰ ਸਮੇਤ ਸਰਹੱਦੀ ਇਲਾਕਿਆਂ ਵਿੱਚ ਬਤੌਰ ਐਸਐਸਪੀ ਤਾਇਨਾਤ ਰਹੇ ਹਨ।

ਗੋਇਲ ਪੰਜਾਬ ਪੁਲਿਸ ਦਾ ਮੁਖੀ ਲੱਗਣ ਦੀ ਦੌੜ ਵਿੱਚ ਵੀ ਸ਼ਾਮਲ ਰਹੇ ਸਨ। ਪਿਛਲੇ ਪੁਲਿਸ ਮੁਖੀ ਡੀਜੀਪੀ ਸੁਰੇਸ਼ ਅਰੋੜਾ ਦੇ ਸੇਵਾਮੁਕਤ ਹੋਣ ਮਗਰੋਂ ਸਾਮੰਤ ਗੋਇਲ ਵੀ ਇਸ ਅਹੁਦੇ 'ਤੇ ਆਉਣ ਦੇ ਇਛੁੱਕ ਸਨ ਪਰ ਦਿਨਕਰ ਗੁਪਤਾ ਨੂੰ ਪੰਜਾਬ ਦਾ ਡੀਜੀਪੀ ਥਾਪਿਆ ਗਿਆ। ਸੁਰੇਸ਼ ਅਰੋੜਾ ਦਾ ਵੀ ਕਹਿਣਾ ਹੈ ਕਿ ਗੋਇਲ ਦੇ ਰਾਅ ਮੁਖੀ ਲੱਗਣ ਕਾਰਨ ਪੰਜਾਬ ਨੂੰ ਵੀ ਲਾਭ ਮਿਲੇਗਾ, ਕਿਉਂਕਿ ਉਹ ਸਰਹੱਦੀ ਖੇਤਰ ਦੀ ਚੰਗੀ ਜਾਣਕਾਰੀ ਰੱਖਦੇ ਹਨ।

ਜ਼ਿਕਰਯੋਗ ਹੈ ਕਿ ਗੋਇਲ ਕੌਮੀ ਸੁਰੱਖਿਆ ਏਜੰਸੀ ਦੇ ਮੁਖੀ ਅਜੀਤ ਡੋਭਾਲ ਦੇ ਨਜ਼ਦੀਕੀ ਵੀ ਰਹੇ ਹਨ। ਲਗਾਤਾਰ ਸਰਹੱਦੀ ਇਲਾਕਿਆਂ ਵਿੱਚ ਸੇਵਾਵਾਂ ਦਿੰਦੇ ਹੋਣ ਕਾਰਨ ਉਹ ਜੰਮੂ-ਕਸ਼ਮੀਰ ਮਾਮਲਿਆਂ ਦੀ ਵੀ ਚੰਗੀ ਜਾਣਕਾਰੀ ਰੱਖਦੇ ਹਨ। ਉਹ ਪਾਕਿਸਤਾਨ ਨਾਲ ਹੋ ਰਹੀਆਂ ਅੱਤਵਾਦੀ ਗਤੀਵਿਧੀਆਂ ਅਤੇ ਆਈਐਸਆਈ ਦੀਆਂ ਸਰਗਰਮੀਆਂ 'ਤੇ ਵੀ ਨਜ਼ਰ ਰੱਖਦੇ ਰਹੇ ਹਨ।