ਪਟਿਆਲਾ: ਨਾਭਾ ਜੇਲ੍ਹ ਵਿੱਚ ਕਤਲ ਕੀਤੇ ਗਏ ਬਰਗਾੜੀ ਬੇਅਦਬੀ ਕਾਂਡ ਦੇ ਮੁਲਜ਼ਮ ਡੇਰਾ ਸਿਰਸਾ ਪ੍ਰੇਮੀ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਦੇ ਦੋਵੇਂ ਮੁਲਜ਼ਮਾਂ ਦਾ ਪੁਲਿਸ ਰਿਮਾਂਡ ਵੱਧ ਗਿਆ ਹੈ। ਅਦਾਲਤ ਨੇ ਮੁਲਜ਼ਮ ਗੁਰਸੇਵਕ ਸਿੰਘ ਤੇ ਮਨਿੰਦਰ ਸਿੰਘ ਦੇ ਪੁਲਿਸ ਰਿਮਾਂਡ ਵਿੱਚ ਦੋ ਦਿਨ ਦਾ ਵਾਧਾ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਦੋਵਾਂ ਮੁਲਜ਼ਮਾਂ ਦਾ ਚਾਰ ਦਿਨ ਦਾ ਰਿਮਾਂਡ ਦਿੱਤਾ ਸੀ, ਜਿਸ ਦੇ ਪੂਰਾ ਹੋਣ 'ਤੇ ਅੱਜ ਮੁੜ ਤੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ।
ਬੀਤੀ 22 ਜੂਨ ਨੂੰ ਬਿੱਟੂ 'ਤੇ ਨਾਭਾ ਦੀ ਨਵੀਂ ਜੇਲ੍ਹ ਵਿੱਚ ਕਾਤਲਾਨਾ ਹਮਲਾ ਹੋਇਆ ਸੀ। ਇਸ ਤੋਂ ਬਾਅਦ ਬਿੱਟੂ ਦੇ ਕਤਲ ਦੀ ਪੜਤਾਲ ਲਈ ਬਣੀ ਵਿਸ਼ੇਸ਼ ਜਾਂਚ ਟੀਮ ਨੇ ਦੋ ਹਮਲਾਵਰਾਂ ਸਮੇਤ ਕੁੱਲ ਪੰਜ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਵਕੀਲ ਬਲਜਿੰਦਰ ਸੋਢੀ ਦੀ ਮੰਨੀਏ ਤਾਂ ਪੁਲਿਸ ਨੇ ਅੱਜ ਇਨ੍ਹਾਂ ਚਾਰ ਤੋਂ ਪੰਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਪਰ ਪੁਲਿਸ ਦੋ ਮੁਲਜ਼ਮਾਂ ਨੂੰ ਹੀ ਪੇਸ਼ ਕਰਨ ਦੀ ਗੱਲ ਕਹਿ ਰਹੀ ਹੈ। ਮੁਲਜ਼ਮ ਮਨਿੰਦਰ ਦੀ ਮਾਂ ਨੇ ਆਪਣੇ ਪੁੱਤਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਕਿ ਪੁਲਿਸ ਠੀਕ ਨਹੀਂ ਕਰ ਰਹੀ।
ਜ਼ਿਕਰਯੋਗ ਹੈ ਕਿ ਮਹਿੰਦਰਪਾਲ ਬਿੱਟੂ ਸਾਲ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ 'ਚ ਨਾਮਜ਼ਦ ਸੀ ਤੇ ਜੇਲ੍ਹ ਦੀ ਅਤਿ ਸੁਰੱਖਿਆ ਵਾਲੀ ਥਾਂ 'ਤੇ ਉਸ ਨੂੰ ਰੱਖਿਆ ਗਿਆ ਸੀ। ਬਿੱਟੂ ਡੇਰਾ ਸਿਰਸਾ ਦਾ ਤਾਕਤਵਰ ਵਿਅਕਤੀ ਸੀ ਤੇ ਡੇਰੇ ਦੀ 45 ਮੈਂਬਰੀ ਕਮੇਟੀ ਦਾ ਮੈਂਬਰ ਵੀ ਸੀ। ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਬਲਾਤਕਾਰ ਦਾ ਦੋਸ਼ੀ ਐਲਾਨੇ ਜਾਣ ਸਮੇਂ ਪੰਚਕੁਲਾ ਵਿੱਚ ਹੋਈ ਹਿੰਸਾ 'ਚ ਵੀ ਬਿੱਟੂ ਦਾ ਨਾਂ ਸ਼ਾਮਲ ਸੀ। ਐਸਆਈਟੀ ਨੇ ਉਸ ਨੂੰ ਹਿਮਾਚਲ ਪ੍ਰਦੇਸ਼ ਤੋਂ ਗ੍ਰਿਫਤਾਰ ਕੀਤਾ ਸੀ।
ਨਾਭਾ ਜੇਲ੍ਹ 'ਚ ਡੇਰਾ ਪ੍ਰੇਮੀ ਬਿੱਟੂ ਕਤਲ ਕੇਸ ਦੇ ਮੁਲਜ਼ਮਾਂ ਦਾ ਰਿਮਾਂਡ ਵਧਿਆ
ਏਬੀਪੀ ਸਾਂਝਾ
Updated at:
27 Jun 2019 11:55 AM (IST)
ਵਕੀਲਾਂ ਦੀ ਮੰਨੀਏ ਤਾਂ ਪੁਲਿਸ ਨੇ ਅੱਜ ਇਨ੍ਹਾਂ ਪੰਜ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ, ਪਰ ਪੁਲਿਸ ਦੋ ਮੁਲਜ਼ਮਾਂ ਨੂੰ ਹੀ ਪੇਸ਼ ਕਰਨ ਦੀ ਗੱਲ ਕਹਿ ਰਹੀ ਹੈ। ਇਸ ਮੌਕੇ ਮੁਲਜ਼ਮ ਨੌਜਵਾਨ ਦੇ ਮਾਪਿਆਂ ਨੇ ਆਪਣੇ ਪੁੱਤਰ ਦੀ ਜਾਨ ਨੂੰ ਖ਼ਤਰਾ ਦੱਸਦਿਆਂ ਕਿਹਾ ਕਿ ਪੁਲਿਸ ਠੀਕ ਨਹੀਂ ਕਰ ਰਹੀ।
- - - - - - - - - Advertisement - - - - - - - - -