Panchayat Election : ਪੰਜਾਬ ਵਿੱਚ ਪੰਚਾਇਤੀ ਚੋਣ ਦਾ ਐਲਾਨ ਹੋ ਗਿਆ ਹੈ। ਸਰਪੰਚਾਂ ਤੇ ਪੰਚਾਂ ਦੀ ਚੋਣ ਲਈ 15 ਅਕਤੂਬਰ ਵੋਟਿੰਗ ਹੋਏਗੀ। ਚੋਣਾਂ ਦੇ ਨਤੀਜੇ ਵੀ ਇਸੇ ਦਿਨ ਹੀ ਆ ਜਾਣਗੇ। ਇਹ ਐਲਾਨ ਰਾਜ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਕੀਤਾ ਹੈ। 


ਚੋਣ ਕਮਿਸ਼ਨਰ ਨੇ ਦੱਸਿਆ ਕਿ ਪੰਚ ਤੇ ਸਰਪੰਚ ਦੇ ਅਹੁਦਿਆਂ ਲਈ ਨਾਮਜ਼ਦਗੀਆਂ 27 ਤੋਂ 4 ਅਕਤੂਬਰ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਗਰਾਮ ਪੰਚਾਇਤ ਦੀ ਸਮਾਂ ਸੀਮਾ ਫਰਵਰੀ 2024 ਵਿੱਚ ਖਤਮ ਹੋ ਗਈ ਸੀ ਪਰ ਲੋਕ ਸਭਾ ਚੋਣਾਂ ਕਾਰਨ ਵੋਟਿੰਗ ਵਿੱਚ ਦੇਰੀ ਹੋਈ ਹੈ। 

ਪੰਚਾਇਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਇਹ ਚੋਣਾਂ 20 ਅਕਤੂਬਰ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਅਗਲੇ ਮਹੀਨੇ ਕਈ ਛੁੱਟੀਆਂ ਆ ਰਹੀਆਂ ਹਨ। ਇਨ੍ਹਾਂ ਨੂੰ ਧਿਆਨ 'ਚ ਰੱਖਦਿਆਂ ਤਰੀਕ ਦਾ ਐਲਾਨ ਕੀਤਾ ਗਿਆ ਹੈ। 



1 ਤੇ 2 ਅਕਤੂਬਰ ਨੂੰ ਛੁੱਟੀ ਹੈ। ਉਸ ਤੋਂ ਬਾਅਦ 12 ਅਕਤੂਬਰ ਨੂੰ ਦੁਸਹਿਰਾ ਹੈ। ਵਾਲਮੀਕ ਜਯੰਤੀ 1 ਅਕਤੂਬਰ ਨੂੰ ਹੈ ਤੇ ਕਰਵਾ ਚੌਥ 20 ਨੂੰ ਹੈ। ਇਸ ਤੋਂ ਇਲਾਵਾ ਪ੍ਰੀਖਿਆਵਾਂ ਤੇ ਝੋਨੇ ਦੀ ਕਟਾਈ ਦਾ ਵੀ ਧਿਆਨ ਰੱਖਿਆ ਗਿਆ ਹੈ।


ਚੋਣ ਕਮਿਸ਼ਨਰ ਨੇ ਦੱਸਿਆ ਕਿ ਇੱਕ ਗ੍ਰਾਮ ਪੰਚਾਇਤ ਵਿੱਚ 5 ਤੋਂ 13 ਪੰਚ ਹੁੰਦੇ ਹਨ। ਇੱਕ ਸਰਪੰਚ ਹੁੰਦਾ ਹੈ। ਵਾਰਡ ਤੋਂ ਵੱਖ-ਵੱਖ ਉਮੀਦਵਾਰ ਖੜ੍ਹੇ ਹੋਣਗੇ। ਵੋਟਰ ਸੂਚੀ 4 ਸਤੰਬਰ ਤੱਕ ਅੱਪਡੇਟ ਕੀਤੀ ਜਾਵੇਗੀ। ਇਸ ਸਮੇਂ 13937 ਗ੍ਰਾਮ ਪੰਚਾਇਤਾਂ ਹਨ। ਇਸ ਲਈ 19110 ਪੋਲਿੰਗ ਬੂਥ ਹਨ। ਸੂਬੇ ਵਿੱਚ 1,33,97,932 ਵੋਟਰ ਹਨ।


ਉਨ੍ਹਾਂ ਕਿਹਾ ਕਿ ਇਸ ਵਾਰ ਚੋਣ ਬੈਲਟ ਬਾਕਸ ਰਾਹੀਂ ਕਰਵਾਈ ਜਾਵੇਗੀ। ਪੰਚ ਤੇ ਸਰਪੰਚ ਲਈ 100 ਰੁਪਏ ਨਾਮਜ਼ਦਗੀ ਫੀਸ ਅਦਾ ਕਰਨੀ ਪਵੇਗੀ। SC ਤੇ BC ਨੂੰ 50 ਫੀਸਦੀ ਛੋਟ ਹੈ। ਸਰਪੰਚ ਦੀ ਖਰਚ ਦੀ ਹੱਦ 30 ਹਜ਼ਾਰ ਰੁਪਏ ਤੋਂ ਵਧਾ ਕੇ 40 ਹਜ਼ਾਰ ਰੁਪਏ ਤੇ ਪੰਚ ਦੀ ਖਰਚ ਦੀ ਹੱਦ 20 ਹਜ਼ਾਰ ਰੁਪਏ ਤੋਂ ਵਧਾ ਕੇ 30 ਹਜ਼ਾਰ ਰੁਪਏ ਕਰ ਦਿੱਤੀ ਗਈ ਹੈ। ਇਸ ਨੂੰ ਸੰਭਾਲਣ ਲਈ ਰਿਟਰਨਿੰਗ ਅਫ਼ਸਰਾਂ ਦੀ ਡਿਊਟੀ ਲਾਈ ਗਈ ਹੈ।


ਕਮਲ ਚੌਧਰੀ ਨੇ ਕਿਹਾ ਕਿ ਚੋਣਾਂ ਪਾਰਟੀ ਚੋਣ ਨਿਸ਼ਾਨ 'ਤੇ ਨਹੀਂ ਹੋਣਗੀਆਂ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਵਿਸ਼ੇਸ਼ ਚਿੰਨ੍ਹ ਜਾਰੀ ਕੀਤੇ ਗਏ ਹਨ। ਸਰਪੰਚ ਤੇ ਪੰਚ ਲਈ ਵੱਖ-ਵੱਖ ਚੋਣ ਨਿਸ਼ਾਨ ਦਿੱਤੇ ਗਏ ਹਨ। ਜ਼ਿਲ੍ਹਾ ਪ੍ਰੀਸ਼ਦ ਲਈ 32 ਫਰੀ ਚੋਣ ਨਿਸ਼ਾਨ, ਬਲਾਕ ਸਮਿਤੀ ਲਈ 32 ਵੱਖ-ਵੱਖ ਨਿਸ਼ਾਨ ਹਨ। ਪੰਚਾਂ ਲਈ 70 ਚੋਣ ਨਿਸ਼ਾਨ ਹਨ ਤੇ ਸਰਪੰਚਾਂ ਲਈ ਵੀ ਵੱਖਰੇ ਚਿੰਨ੍ਹ ਰੱਖੇ ਗਏ ਹਨ।