Gurdaspur News: ਕਹਿ ਜਾਂਦਾ ਹੈ ਕਿ ਇੱਕ ਮਾਂ ਇਕੱਲੀ ਹੀ ਆਪਣੀ ਔਲਾਦ ਨੂੰ ਪਾਲ ਲੈਂਦੀ ਹੈ, ਪਰ ਜਦੋਂ ਉਹ ਔਲਾਦ ਵੱਡੀ ਹੋ ਜਾਂਦੀ ਹੈ ਤਾਂ ਉਨ੍ਹਾਂ ਤੋਂ ਆਪਣੀ ਮਾਂ ਨੂੰ ਆਪਣੇ ਨਾਲ ਰੱਖਿਆ ਨਹੀਂ ਜਾਂਦਾ ਹੈ। ਇਹ ਕੌੜੀ ਸੱਚਾਈ ਬਿਆਨ ਕਰ ਰਿਹਾ ਹੈ ਗੁਰਦਾਸਪੁਰ ਦਾ ਇੱਕ ਕਸਬਾ ਜਿੱਥੇ ਤਿੰਨ ਪੁੱਤਾਂ ਵੱਲੋਂ ਆਪਣੀ ਬਜ਼ੁਰਗ ਮਾਂ ਨੂੰ ਗਲੀ 'ਚ ਰਹਿਣ ਲਈ ਮਜ਼ਬੂਰ ਕਰ ਦਿੱਤਾ ਗਿਆ। ਇਹ ਸਾਡੇ ਸਮਾਜ ਦਾ ਬਹੁਤ ਹੀ ਦੁਖਾਂਤ ਸੱਚਾ ਹੈ, ਜੋਕਿ ਅੱਜ ਪੰਜਾਬ ਦੇ ਸੱਭਿਆਚਾਰ ਉੱਤੇ ਸਵਾਲੀਆ ਨਿਸ਼ਾਨ ਖੜ੍ਹੇ ਕਰਦਾ ਹੈ।


ਹੋਰ ਪੜ੍ਹੋ : ਖਨੌਰੀ ਬਾਰਡਰ 'ਤੇ ਕਿਸਾਨ ਅੰਦੋਲਨ 'ਚ ਸ਼ਾਮਲ ਇੱਕ ਕਿਸਾਨ ਨੇ ਕੀਤੀ ਖੁਦਕੁਸ਼ੀ, ਟਰਾਲੀ ਨਾਲ ਰੱਸੀ ਬੰਨ੍ਹ ਸਮਾਪਤ ਕੀਤੀ ਜੀਵਨ ਲੀਲਾ



ਇਹ ਹੈ ਪੂਰਾ ਮਾਮਲਾ


ਗੁਰਦਾਸਪੁਰ ਦੇ ਕਸਬਾ ਦੀ ਕਾਹਨੂੰਵਾਨ ਇੱਕ ਬਜ਼ੁਰਗ ਔਰਤ ਨੂੰ ਉਸ ਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਹੈ। ਜਿਸ ਕਾਰਨ ਬਜ਼ੁਰਗ ਔਰਤ ਪਿਛਲੇ 4 ਦਿਨਾਂ ਤੋਂ ਗਲੀ ਵਿੱਚ ਰਹਿ ਕੇ ਗੁਜ਼ਾਰਾ ਕਰ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਠਾਕੁਰ ਆਫ਼ਤਾਬ ਸਿੰਘ ਨੇ ਦੱਸਿਆ ਕਿ ਕਾਨਵੈਂਟ ਸਕੂਲ ਦੇ ਨੇੜੇ ਰਹਿੰਦੀ 85 ਸਾਲਾ ਬਜ਼ੁਰਗ ਔਰਤ ਕਮਲੋ ਦੇਵੀ ਨੂੰ ਉਸ ਦੇ ਪੁੱਤਰਾਂ ਨੇ ਘਰ ਤੋਂ ਬਾਹਰ ਕੱਢ ਦਿੱਤਾ ਹੈ। ਜਿਸ ਕਾਰਨ ਕਮਲੋ ਦੇਵੀ ਦੀ ਹਾਲਤ ਤਰਸਯੋਗ ਬਣੀ ਹੋਈ ਹੈ। ਉਨ੍ਹਾਂ ਨੇ ਦੱਸਿਆ ਕਿ ਕਮਲੋ ਦੇਵੀ ਦੇ ਤਿੰਨ ਪੁੱਤਰ ਹਨ, ਜਿਨਾਂ ਨੇ ਕਮਲੋ ਦੇਵੀ ਮਕਾਨ ਦੀ ਆਪਸ ਵਿੱਚ ਵੰਡ ਕਰ ਕੇ ਮਾਤਾ ਨੂੰ ਘਰ ਤੋਂ ਬਾਹਰ ਕਰ ਦਿੱਤਾ ਹੈ। ਜਿਸ ਕਾਰਨ ਮਾਤਾ ਨੂੰ ਬੀਤੇ ਤਿੰਨ ਦਿਨ ਤੋਂ ਗਲੀ ਵਿਚ ਬੈਠ ਕੇ ਸਮਾਂ ਗੁਜ਼ਾਰਨਾ ਪੈ ਰਿਹਾ ਹੈ।


ਆਫ਼ਤਾਬ ਸਿੰਘ ਨੇ ਇਹ ਵੀ ਦੱਸਿਆ ਕੇ ਪਹਿਲਾਂ ਵੀ ਝਗੜਾ ਹੋਣ ਕਾਰਨ ਉਸ ਨੇ ਮਾਤਾ ਅਤੇ ਉਸ ਦੇ ਪੁੱਤਰਾਂ ਨੂੰ ਇਕੱਠੇ ਬੈਠਾ ਕੇ ਰਾਜੀਨਾਮਾ ਕਰਵਾਇਆ ਸੀ ਕਿ ਤਿੰਨ ਪੁੱਤਰ ਮਾਤਾ ਨੂੰ ਘਰ ਵਿੱਚ ਰੱਖਣ ਦੇ ਨਾਲ ਨਾਲ ਲੋੜੀਂਦਾ ਖਰਚਾ ਵੀ ਦੇਣਗੇ। ਪਰ ਪੁੱਤਰਾਂ ਵੱਲੋਂ ਰਾਜੀਨਾਮੇ ਨੂੰ ਛਿੱਕੇ ਟੰਗ ਕੇ ਮਾਤਾ ਪ੍ਰਤੀ ਬਣਦੇ ਫ਼ਰਜ਼ ਨਿਭਾਉਣ ਦੀ ਬਜਾਏ, ਉਸ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਹੈ। ਜਿਸ ਤੋਂ ਬਾਅਦ ਪਿੰਡ ਦੇ ਮੋਹਤਬਰਾਂ ਅਤੇ ਪੁਲਿਸ ਪ੍ਰਸ਼ਾਸ਼ਨ ਨੇ ਕਾਰਵਾਈ ਕਰਦਿਆਂ ਮਾਤਾ ਨੂੰ ਫਿਰ ਤੋਂ ਘਰ ਅੰਦਰ ਰੱਖੇ ਜਾਣ ਲਈ ਉਸ ਦੇ ਪੁੱਤਰਾਂ ਨੂੰ ਸਹਿਮਤ ਕੀਤਾ ਗਿਆ ਹੈ।


ਰਿਪੋਰਟਰ : ਸਤਨਾਮ ਸਿੰਘ ਗੁਰਦਾਸਪੁਰ