ਮਨਵੀਰ ਕੌਰ ਰੰਧਾਵਾ ਦੀ ਰਿਪੋਰਟ


Gang War in Punjab: ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ ਕਿਸ ਨੇ ਕੀਤਾ, ਇਸ ਦਾ ਭੇਤ ਅਜੇ ਤੱਕ ਸੁਲਝਿਆ ਨਹੀਂ। ਮੂਸੇਵਾਲਾ ਦੇ ਕਤਲ ਪਿੱਛੇ ਪੰਜਾਬ ਦੇ ਕਈ ਗੈਂਗ ਦੇ ਨਾਂ ਸਾਹਮਣੇ ਆ ਰਹੇ ਹਨ। ਇਨ੍ਹਾਂ ਗੈਂਗਸ ਵਿੱਚ ਸਭ ਤੋਂ ਵੱਡਾ ਨਾਂ ਬਿਸ਼ਨੋਈ ਗੈਂਗ ਦਾ ਹੈ।


ਬਿਸ਼ਨੋਈ ਗੈਂਗ ਦੇ ਆਗੂ ਲਾਰੈਂਸ ਬਿਸ਼ਨੋਈ ਦੇ ਕਰੀਬੀ ਗੋਲਡੀ ਬਰਾੜ ਨੇ ਮੂਸੇਵਾਲ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਇਸ ਸਮੇਂ ਕੈਨੇਡਾ ਵਿੱਚ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਵਿੱਚ ਇੱਕ ਵਾਰ ਫਿਰ ਗੈਂਗ ਵਾਰ ਦੀ ਚਰਚਾ ਸ਼ੁਰੂ ਹੋ ਗਈ ਹੈ। ਜਾਣੋ ਪੰਜਾਬ ਵਿੱਚ ਕਿੰਨੇ ਗੈਂਗ ਹਨ ਤੇ ਇਹ ਗੈਂਗ ਕਿਵੇਂ ਤੇ ਕਿਉਂ ਬਣੇ ਹਨ। ਫਿਲਹਾਲ ਕਿਹੜੇ-ਕਿਹੜੇ ਗੈਂਗਸਟਰਾਂ ਵਿਚਾਲੇ ਗੈਂਗ ਵਾਰ ਚੱਲ ਰਹੀ ਹੈ।


ਪੰਜਾਬ ਵਿੱਚ ਕਿੰਨੇ ਗੈਂਗ ਹਨ?


ਪੰਜਾਬ 'ਚ ਇਸ ਸਮੇਂ 60 ਦੇ ਕਰੀਬ ਗੈਂਗ ਹਨ, ਜਿਨ੍ਹਾਂ ਦੇ 500 ਦੇ ਕਰੀਬ ਮੈਂਬਰ ਹਨ। ਇਨ੍ਹਾਂ 'ਚੋਂ ਕਈ ਫੜੇ ਜਾ ਚੁੱਕੇ ਹਨ ਤੇ ਜੇਲ੍ਹਾਂ 'ਚ ਹਨ ਪਰ ਫਿਰ ਵੀ ਉਹ ਸਰਗਰਮ ਹਨ। ਦੇਸ਼ ਵਿੱਚ ਗੈਂਸਟਰਾਵਾਦ 90 ਦੇ ਅੱਧ ਤੋਂ ਚੱਲ ਰਿਹਾ ਹੈ। ਉਸ ਸਮੇਂ ਯੂਪੀ ਵਿੱਚ ਬਹੁਤ ਸਾਰੇ ਗੈਂਗ ਸੀ ਜਿਨ੍ਹਾਂ ਦੀ ਵਰਤੋਂ ਸਿਆਸੀ ਮੰਤਵਾਂ, ਲੁੱਟਾਂ ਤੇ ਕਬਜ਼ੇ ਲਈ ਕੀਤੀ ਜਾਂਦੀ ਸੀ। ਪੰਜਾਬ ਦੇ ਮੁੰਡਿਆਂ ਨੇ ਸ਼ਾਇਦ ਉਨ੍ਹਾਂ ਤੋਂ ਆਕਰਸ਼ਿਤ ਹੋ ਕੇ ਆਪਣੇ ਗਰੋਹ ਬਣਾਉਣੇ ਸ਼ੁਰੂ ਕਰ ਦਿੱਤੇ। ਇਸ ਤੋਂ ਬਾਅਦ ਬੈਂਗਲੁਰੂ 'ਚ ਲੁੱਟ-ਖੋਹ ਦੀਆਂ ਘਟਨਾਵਾਂ 'ਚ ਵੀ ਪੰਜਾਬ ਦੇ ਗੈਂਗਸਟਰਾੰ ਦੇ ਨਾਂ ਆਏ।


ਸਾਲ 2006 ਵਿੱਚ ਡਿੰਪਾ ਨਾਂ ਦੇ ਵਿਅਕਤੀ ਦੀ ਯੂਪੀ ਵਿੱਚ ਇੱਕ ਗਰੋਹ ਨਾਲ ਤਕਰਾਰ ਹੋਈ, ਜਿਸ ਤੋਂ ਬਾਅਦ ਚੰਡੀਗੜ੍ਹ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ। ਉਸ ਤੋਂ ਬਾਅਦ ਜਸਵਿੰਦਰ ਰੌਕੀ ਨਾਂ ਦੇ ਵਿਅਕਤੀ ਦਾ ਵੀ ਕਤਲ ਕਰ ਦਿੱਤਾ ਗਿਆ। ਪਿਛਲੇ ਸਾਲ ਲਾਰੈਂਸ ਬਿਸ਼ਨੋਈ ਦੇ ਦੋਸਤ ਵਿੱਕੀ ਮਿੱਡੂਖੇੜਾ ਦਾ ਮੋਹਾਲੀ ਵਿੱਚ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਲਾਰੈਂਸ ਬਿਸ਼ਨੋਈ ਗੈਂਗ ਨੇ ਵਿੱਕੀ ਮਿੱਡੂਖੇੜਾ ਦੇ ਕਤਲ ਦਾ ਬਦਲਾ ਲੈਣ ਦਾ ਫੈਸਲਾ ਕੀਤਾ।


ਇਸ ਦੇ ਨਾਲ ਹੀ ਸਿੰਗਰ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਰਨਪ੍ਰੀਤ ਦਾ ਨਾਂ ਵੀ ਚਰਚਾ ਵਿੱਚ ਆਇਆ। ਬਿਸ਼ਨੋਈ ਗੈਂਗ ਦਾ ਮੰਨਣਾ ਸੀ ਕਿ ਵਿੱਕੀ ਦੇ ਕਤਲ ਵਿੱਚ ਉਸ ਦਾ ਹੱਥ ਸੀ ਤੇ ਇਸੇ ਕਾਰਨ ਸਿੱਧੂ ਮੂਸੇਵਾਲਾ ਦਾ ਕਤਲ ਕੀਤਾ ਗਿਆ। ਹੁਣ ਬੰਬੀਹਾ ਗਰੁੱਪ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਗੱਲ ਕਰ ਰਿਹਾ ਹੈ। ਅਜਿਹੇ 'ਚ ਪੰਜਾਬ 'ਚ ਫਿਰ ਤੋਂ ਗੈਂਗ ਵਾਰ ਛਿੜ ਗਿਆ ਹੈ।


ਵਿਦਿਆਰਥੀ ਰਾਜਨੀਤੀ ਨਾਲ ਹੋਈ ਲਾਰੈਂਸ ਬਿਸ਼ਨੋਈ ਗੈਂਗ ਦੀ ਸ਼ੁਰੂਆਤ


ਲਾਰੈਂਸ ਬਿਸ਼ਨੋਈ ਨੇ ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀ ਰਾਜਨੀਤੀ ਤੋਂ ਸ਼ੁਰੂਆਤ ਕੀਤੀ। ਉਸ ਦਾ ਦੋਸਤ ਵਿੱਕੀ ਮਿੱਡੂਖੇੜਾ ਵੀ ਸਿਆਸਤ ਵਿੱਚ ਆ ਗਿਆ। ਇਸ ਤੋਂ ਬਾਅਦ ਲਾਰੈਂਸ ਦਾ ਨਾਂ ਕਤਲ ਵਿੱਚ ਸਾਹਮਣੇ ਆਉਣ ਲੱਗਾ। ਇਨ੍ਹਾਂ ਘਟਨਾਵਾਂ ਵਿੱਚ ਲਾਰੈਂਸ ਬਿਸ਼ਨੋਈ ਦਾ ਭਰਾ ਵੀ ਸ਼ਾਮਲ ਹੈ। ਹੁਣ ਜੇਲ੍ਹ ਇਨ੍ਹਾਂ ਗੈਂਗਸਟਰਾਂ ਲਈ ਸੁਰੱਖਿਅਤ ਥਾਂ ਬਣ ਕੇ ਰਹਿ ਗਈ ਹੈ, ਜਿੱਥੋਂ ਉਹ ਆਸਾਨੀ ਨਾਲ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਇਸ ਦੀ ਜਿਉਂਦੀ ਜਾਗਦੀ ਮਿਸਾਲ ਮੂਸੇਵਾਲਾ ਦਾ ਕਤਲ ਹੈ।


ਗੈਂਗਸ ਦੇ ਅੰਤਰਰਾਸ਼ਟਰੀ ਕੁਨੈਕਸ਼ਨ


ਬਿਸ਼ਨੋਈ ਗੈਂਗ ਦੇ ਅੰਤਰਰਾਸ਼ਟਰੀ ਸਬੰਧ ਵੀ ਹਨ। ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਵਾਲੇ ਇਸ ਗਰੋਹ ਦਾ ਮੈਂਬਰ ਗੋਲਡੀ ਬਰਾੜ ਕੈਨੇਡਾ ਵਿੱਚ ਹੈ ਤੇ ਉਸ ਦਾ ਨਾਂ ਪਹਿਲਾਂ ਵੀ ਇੱਕ ਕਤਲ ਵਿੱਚ ਸਾਹਮਣੇ ਆ ਚੁੱਕਾ ਹੈ। ਕੈਨੇਡਾ ਦੇ ਕ੍ਰਾਈਮ ਰਿਕਾਰਡ 'ਤੇ ਨਜ਼ਰ ਮਾਰੀਏ ਤਾਂ ਇਹ ਗਰੋਹ ਕਾਫੀ ਸਰਗਰਮ ਹੈ। ਕਈ ਅਮਰੀਕੀ ਕਾਤਲ ਵੀ ਕੈਨੇਡਾ ਵਿੱਚ ਸ਼ਰਨ ਲੈ ਰਹੇ ਹਨ। ਕੈਨੇਡੀਅਨ ਗੈਂਗਾਂ ਦੇ ਰੂਸੀ ਗੈਂਗਸ ਤੇ ਅਰਮੀਨੀਆਈ ਗੈਂਗਸ ਨਾਲ ਵੀ ਸਬੰਧ ਹਨ, ਜੋ ਇੱਥੇ ਹਥਿਆਰ ਸਪਲਾਈ ਕਰਦੇ ਹਨ।


ਇਹ ਵੀ ਪੜ੍ਹੋ: ਸਾਬਕਾ ਸੀਐਮ ਚਰਨਜੀਤ ਚੰਨੀ ਵਾਲੀ ਬੱਕਰੀ ਮੁੜ ਚਰਚਾ 'ਚ, ਨਵਾਂ ਮਾਲਕ ਮੁੜ ਮੁਸੀਬਤ 'ਚ ਘਿਰਿਆ