ਅੰਮ੍ਰਿਤਸਰ: ਆਸਥਾ ਦਾ ਪ੍ਰਤੀਕ ਗੰਗਾ ਜਲ ਹਾਸਲ ਕਰਨ ਲਈ ਸ਼ਰਧਾਲੂਆਂ ਨੂੰ ਹੁਣ ਹਜ਼ਾਰਾਂ ਕਿਲੋਮੀਟਰ ਦੂਰ ਨਹੀਂ ਜਾਣਾ ਪਵੇਗਾ। ਉਨ੍ਹਾਂ ਨੂੰ ਗੰਗਾ ਜਲ ਡਾਕ ਘਰ ਵਿੱਚੋਂ ਹੀ ਮਿਲ ਜਾਵੇਗਾ। ਡਾਕ ਵਿਭਾਗ ਨੇ ਗੰਗੋਤਰੀ ਤੇ ਰਿਸ਼ੀਕੇਸ਼ ਵਰਗੇ ਧਾਰਮਿਕ ਸਥਾਨਾਂ ਤੋਂ ਗੰਗਾਜਲ ਡਾਕਘਰਾਂ ਰਾਹੀਂ ਆਮ ਜਨਤਾ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਹੁਣ ਲੋਕ ਆਪਣੇ ਜ਼ਿਲ੍ਹੇ ਦੇ ਮੁੱਖ ਡਾਕ ਘਰ ਤੋਂ ਗੰਗਾ ਜਲ ਹਾਸਲ ਕਰ ਸਕਦੇ ਹਨ।
ਅੰਮ੍ਰਿਤਸਰ ਦੇ ਮੁੱਖ ਡਾਕ ਘਰ ਵਿੱਚੋਂ ਲੋਕ ਗੰਗਾ ਜਲ ਦੀ 200 ਤੇ 500 ਐਮ.ਐਲ. ਦੀ ਬੋਤਲ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਲੈ ਸਕਦੇ ਹਨ। 200 ਐਮ.ਐਲ. ਗੰਗਾਜਲ ਦੀ ਕੀਮਤ 15 ਰੁਪਏ ਤੇ 500 ਐਮ.ਐਲ. ਦੀ ਕੀਮਤ 22 ਰੁਪਏ ਰੱਖੀ ਗਈ ਹੈ।
ਡਾਕ ਘਰ ਵੱਲੋਂ ਪੂਰੇ ਦੇਸ਼ ਵਿੱਚ ਗੰਗੋਤਰੀ ਤੇ ਰਿਸ਼ੀਕੇਸ਼ ਨਾਲ ਸਬੰਧਤ ਗੰਗਾਜਲ ਦੀ ਸਪਲਾਈ ਦੀ ਸ਼ੁਰੂਆਤ ਕੀਤੀ ਗਈ ਹੈ ਪਰ ਅੰਮ੍ਰਿਤਸਰ ਤੋਂ ਹਰਿਦਵਾਰ ਦੀ ਦੂਰੀ ਘੱਟ ਹੋਣ ਕਰਕੇ ਹਾਲੇ ਇੱਥੇ ਸਿਰਫ ਰਿਸ਼ੀਕੇਸ਼ ਤੋਂ ਲਿਆਂਦਾ ਜਾਣ ਵਾਲਾ ਗੰਗਾ ਜਲ ਹੀ ਦਿੱਤਾ ਜਾ ਰਿਹਾ ਹੈ। ਡਾਕ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜੋ ਲੋਕ ਕਿਸੇ ਮਜਬੂਰੀ ਕਰਕੇ ਆਪਣੇ ਧਾਰਮਿਕ ਅਸ਼ਟਾਣਾ 'ਤੇ ਜਾ ਕੇ ਇਹ ਗੰਗਾ ਜਲ ਨਹੀਂ ਹਾਸਲ ਕਰ ਸਕਦੇ ਉਨ੍ਹਾਂ ਦੀ ਸਹੂਲਤ ਤੇ ਆਸਥਾ ਨੂੰ ਮੁੱਖ ਰੱਖਦਿਆਂ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ।