ਚੰਡੀਗੜ੍ਹ: ਮੋਗਾ ਪੁਲਿਸ ਨੇ ਨਾਭਾ ਜੇਲ੍ਹ ਵਿੱਚੋਂ ਫਰਾਰ ਹੋਏ ਗੈਂਗਸਟਰਾਂ ਨੂੰ ਪਨਾਹ ਦੇਣ ਵਾਲੇ ਆਸਟ੍ਰੇਲੀਅਨ ਨਾਗਰਿਕ ਕੁਲਤਾਰ ਸਿੰਘ ਗੋਲਡੀ ਤੇ ਉਸ ਨੂੰ ਅਸਲਾ ਸਪਲਾਈ ਕਰਨ ਵਾਲੇ ਕਰਨਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੋਗੇ ਦੇ ਪਿੰਡ ਢੁੱਡੀਕੇ ਵਿੱਚ ਗੋਲਡੀ ਦੇ ਘਰੋਂ ਉਸ ਦੀ ਗ੍ਰਿਫਤਾਰੀ ਹੋਈ। ਪੁਲਿਸ ਨੂੰ ਮੌਕੇ ਤੋਂ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਗੋਲਡੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਉਸ ਨੂੰ ਰਿਮਾਂਡ ’ਤੇ ਲਏਗੀ।

ਗੋਲਡੀ ਨੂੰ ਅਸਲਾ ਸਪਲਾਈ ਕਰਨ ਵਾਲਾ ਕਰਨਪਾਲ ਸਿੰਘ ਵੀ ਮੋਗਾ ਦਾ ਹੀ ਰਹਿਣ ਵਾਲਾ ਹੈ। ਜਾਣਕਾਰੀ ਮੁਤਾਬਕ ਕਰਨਪਾਲ ਸਿੰਘ ਪੰਜਾਬ ਗੰਨ ਹਾਊਸ ਦਾ ਮਾਲਕ ਹੈ, ਜੋ ਗੋਲਡੀ ਨੂੰ ਅਸਲਾ ਸਪਲਾਈ ਕਰਿਆ ਕਰਦਾ ਸੀ। ਮੋਗਾ ਪੁਲਿਸ ਨੇ ਕਰਨਪਾਲ ਸਿੰਘ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ।

ਪਿਛਲੇ ਸਾਲ 12 ਫਰਵਰੀ ਨੂੰ ਜੇਲ੍ਹ ਬਰੇਕ ਕਾਂਡਾਂ ਦੇ ਮਾਸਟਰਮਾਈਂਡ ਗੁਰਪ੍ਰੀਤ ਸਿੰਘ ਸੇਖੋਂ ਤੇ ਉਸ ਦੇ ਤਿੰਨ ਸਾਥੀ-ਮਨਵੀਰ ਸੇਖੋਂ, ਰਾਜਵਿੰਦਰ ਰਾਜਾ ਤੇ ਕੁਲਵਿੰਦਰ ਸਿੰਘ ਨੂੰ ਕਾਊਂਟਰ ਇੰਟੈਲੀਜੈਂਸੀ ਨੇ ਗ੍ਰਿਫਤਾਰ ਕੀਤਾ ਸੀ ਪਰ ਕੁਲਤਾਰ ਸਿੰਘ ਗੋਲਡੀ ਤੇ ਗੁਰਪ੍ਰੀਤ ਸੇਖੋਂ ਦਾ ਸਾਲਾ ਗੁਰਵਿੰਦਰ ਸਿੰਘ ਉਰਫ ਗੋਰੀ ਉੱਥੋਂ ਭੱਜ ਨਿਕਲੇ ਸੀ। ਇਸ ਪਿੱਛੋਂ ਦਸੰਬਰ, 2017 ਵਿੱਚ ਗੋਲਡੀ ਨੂੰ ਭਗੌੜਾ ਕਰਾਰ ਦਿੱਤਾ ਸੀ।