ਉੱਧਰ ਵਿਧਾਇਕਾਂ ਨੇ ਵੀ ਸਿਸੋਦੀਆ ਵੱਲੋਂ 2 ਅਗਸਤ ਨੂੰ ਬਠਿੰਡਾ ਵਿੱਚ ਹੋਣ ਵਾਲੀ ਕਾਨਫਰੰਸ ਮੁਲਤਵੀ ਕਰਨ ਦਾ ਸੁਝਾਅ ਰੱਦ ਕਰ ਦਿੱਤਾ। ਵਿਧਾਇਕਾਂ ਨੇ ਕਿਹਾ ਕਿ ਇਹ ਕਾਨਫਰੰਸ ਪਾਰਟੀ ਵਰਕਰਾਂ ਦੀ ਆਪਸੀ ਸਹਿਮਤੀ ਤੇ ਇੱਛਾ ਨਾਲ ਰੱਖੀ ਗਈ ਹੈ ਜਿਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਮੀਡੀਆ ਰਿਪੋਰਟਾਂ ਮੁਤਾਬਕ ਇਸ ਦੇ ਬਾਅਦ ਸਿਸੋਦੀਆ ਨੇ ਕਿਹਾ ਕਿ ਜੇ ਕਾਨਫਰੰਸ ਹੋਈ ਤਾਂ ਫਿਰ ਉਹ ਇਸ ਵਿੱਚ ਸ਼ਾਮਲ ਹੋਣਗੇ।
ਪ੍ਰਾਪਤ ਜਾਣਕਾਰੀ ਮੁਤਾਬਕ ਵਿਧਾਇਕਾਂ ਨੇ ਗੱਲ ਰੱਖੀ ਕਿ ਜੇ ਹਾਈਕਮਾਨ ਨੂੰ ਕੋਈ ਸਮੱਸਿਆ ਸੀ ਤਾਂ ਇਕੱਲੇ-ਇਕੱਲੇ ਵਿਧਾਇਕ ਨਾਲ ਗੱਲ ਕਰਨ ਦੀ ਬਜਾਏ ਉਨ੍ਹਾਂ ਨੂੰ ਸਾਰੇ ਵਿਧਾਇਕਾਂ ਨੂੰ ਇਕੱਠਿਆਂ ਬੁਲਾ ਕੇ ਇਸ ਮੁੱਦੇ ਬਾਰੇ ਵਿਚਾਰ ਕਰਨੀ ਚਾਹੀਦੀ ਸੀ।
ਮੀਟਿੰਗ ਪਿੱਛੋਂ ਸਿਸੋਦੀਆ ਨੇ ਅਫਸੋਸ ਜਤਾਇਆ ਕਿ ਕੁਝ ਵਿਧਾਇਕ ਖਹਿਰਾ ਦੀ ਥਾਂ ’ਤੇ ਚੀਮਾ ਨੂੰ ਵਿਰੋਧੀ ਧਿਰ ਦਾ ਆਗੂ ਬਣਾਏ ਜਾਣ ਦੀ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਰਪਾਲ ਸਿੰਘ ਚੀਮਾ ਦਲਿਤ ਭਾਈਚਾਰੇ ਨਾਲ ਸਬੰਧਿਤ ਹਨ ਤੇ ਉਨ੍ਹਾਂ ਨੂੰ ਇਹ ਅਹੁਦਾ ਦੇ ਕੇ ਪਾਰਟੀ ਨੇ ਦਲਿਤ ਭਾਈਚਾਰੇ ਨੂੰ ਅਧਿਕਾਰ ਦਿੱਤੇ ਹਨ। ਸਿਸੋਦੀਆ ਨੇ ਇਸ ਬਾਰੇ ਟਵੀਟ ਵੀ ਕੀਤਾ ਹੈ।
ਜਾਣਕਾਰੀ ਮੁਤਾਬਕ ਇਸ ਮੀਟਿੰਗ ਵਿੱਚ ਸੁਖਪਾਲ ਸਿੰਘ ਖਹਿਰਾ, ਐਚ ਐਸ ਫੂਲਕਾ, ਕੰਵਰ ਸੰਧੂ, ਨਾਜਰ ਸਿੰਘ ਮਾਨਸ਼ਾਹੀਆ, ਮਨਜੀਤ ਸਿੰਘ ਬਿਲਾਸਪੁਰ, ਜਗਦੇਵ ਸਿੰਘ ਕਮਾਲੂ, ਮੀਤ ਹੇਅਰ, ਜੈ ਕਿਸ਼ਨ ਰੋੜੀ, ਰੁਪਿੰਦਰ ਕੌਰ ਰੂਬੀ, ਬਲਦੇਵ ਸਿੰਘ ਜੈਤੋ, ਕੁਲਵੰਤ ਸਿੰਘ ਪੰਡੋਰੀ, ਪਿਰਮਲ ਸਿੰਖ ਭਦੌੜ ਤੇ ਜਗਤਾਰ ਸਿੰਘ ਜੱਗਾ ਹਾਜ਼ਰ ਸਨ।
ਦਿੱਲੀ ਲੀਡਰਸ਼ਿਪ ਵੱਲੋਂ ਸਿਰਫ ਮਨੀਸ਼ ਸਿਸੋਦੀਆ ਹੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ। ਖਾਸ ਗੱਲ ਇਹ ਹੈ ਕਿ ਮੀਟਿੰਗ ਭਾਵੇਂ ਮਨੀਸ਼ ਸਿਸੋਦੀਆ ਨੇ ਬੁਲਾਈ ਸੀ, ਪਰ ਖਹਿਰਾ ਨੂੰ ਹਟਾਏ ਜਾਣ ਦੀ ਹਮਾਇਤ ਕਰਨ ਵਾਲੇ ਵਿਧਾਇਕ ਖ਼ੁਦ ਇਸ ਮੀਟਿੰਗ ’ਚੋਂ ਗੈਰਹਾਜ਼ਰ ਰਹੇ। ਇਨ੍ਹਾਂ ਵਿਧਾਇਕਾਂ ਵਿੱਚ ਵਿਰੋਧੀ ਧਿਰ ਦੇ ਨਵੇਂ ਬਣਾਏ ਲੀਡਰ ਹਰਪਾਲ ਸਿੰਘ ਚੀਮਾ, ਬਲਜਿੰਦਰ ਕੌਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਹਾ ਤੇ ਅਮਨ ਅਰੋੜਾ ਸਣੇ 4 ਹੋਰ ਵਿਧਾਇਕ ਸ਼ਾਮਲ ਹਨ।