ਫਰੀਦਕੋਟ: ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਗੈਂਗਸਟਰ ਗੁਰਬਖਸ਼ ਸਿੰਘ ਸੇਵੇਵਾਲਾ ਨੇ ਹਵਾਲਾਤੀ ਉਪਰ ਜਾਨਲੇਵਾ ਹਮਲਾ ਕਰਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਗੰਭੀਰ ਹਾਲਤ ਵਿੱਚ ਹਵਾਲਾਤੀ ਨੂੰ ਫਰੀਦਕੋਟ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਸਿਵਲ ਹਸਪਤਾਲ ਦੀ ਡਾਕਟਰ ਬਬੀਤਾ ਨੇ ਕਿਹਾ ਕਿ ਫਰੀਦਕੋਟ ਜੇਲ੍ਹ ਵਿੱਚੋਂ ਕੈਦੀ ਨੂੰ ਲਿਆਂਦਾ ਗਿਆ ਹੈ। ਉਨ੍ਹਾਂ ਵੱਲੋਂ ਜੋ ਵੀ ਸਹੂਲਤ ਕੈਦੀ ਨੂੰ ਦੇਣੀ ਸੀ, ਉਹ ਦੇ ਦਿੱਤੀ ਗਈ ਹੈ।
ਹਾਸਲ ਜਾਣਕਾਰੀ ਮੁਤਾਬਕ ਫਰੀਦਕੋਟ ਦੀ ਕੇਂਦਰੀ ਮਾਡਰਨ ਜੇਲ੍ਹ ਵਿੱਚ ਬੰਦ ਗੈਂਗਸਟਰ ਗੁਰਬਖਸ ਸਿੰਘ ਸੇਵੇਵਾਲਾ ਵੱਲੋਂ ਆਪਣੇ ਸਾਥੀ ਨਾਲ ਮਿਲ ਕੇ ਹਵਾਲਾਤੀ ਉਪਰ ਉਸ ਵੇਲੇ ਹਮਲਾ ਕੀਤਾ ਗਿਆ ਗਿਆ, ਜਦੋਂ ਉਹ ਦੋਵੇਂ ਹੀ ਵੀਡੀਓ ਕਾਨਫ੍ਰੰਸਿੰਗ ਰਾਹੀਂ ਪੇਸ਼ੀ ਭੁਗਤਣ ਲਈ ਆਪੋ ਆਪਣੀ ਬੈਰਿਕ ਵਿੱਚੋਂ ਬਾਹਰ ਆਏ ਸਨ।
ਡਿਪਟੀ ਸੁਪਰਡੈਂਟ ਜੇਲ੍ਹ ਰਾਜਬੀਰ ਸਿੰਘ ਬਰਾੜ ਨੇ ਦੱਸਿਆ ਕਿ ਵੀਡੀਓ ਕਾਨਫ੍ਰੰਸਿੰਗ ਰਾਹੀਂ ਪੇਸ਼ੀ ਭੁਗਤਣ ਮੌਕੇ ਗੈਂਗਸਟਰ ਗੁਰਬਖਸ ਸਿੰਘ ਨੇ ਮਨਜਿੰਦਰ ਸਿੰਘ ਨਾਮੀ ਹਵਾਲਾਤੀ 'ਤੇ ਹਮਲਾ ਕਰਕੇ ਆਪਣੇ ਹੱਥ ਵਿੱਚ ਪਾਏ ਕੜੇ ਨਾਲ ਉਸ ਨੂੰ ਜ਼ਖ਼ਮੀ ਕਰ ਦਿੱਤਾ। ਗੰਭੀਰ ਹਾਲਤ ਵਿੱਚ ਮਨਜਿੰਦਰ ਸਿੰਘ ਨੂੰ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਗੈਗਸਟਰ ਗੁਰਬਖਸ਼ ਸਿੰਘ ਤੇ ਉਸ ਦੇ ਸਾਥੀ ਉਪਰ ਕਾਰਵਾਈ ਲਈ ਥਾਣਾ ਸਿਟੀ ਫਰਦਿਕੋਟ ਦੀ ਪੁਲਿਸ ਨੂੰ ਲਿਖਿਆ ਗਿਆ ਹੈ।