ਗਗਨਦੀਪ ਸ਼ਰਮਾ, ਅੰਮ੍ਰਿਤਸਰ : ਭਾਰਤ-ਪਾਕਿਸਤਾਨ ਸਰਹੱਦ 'ਤੇ ਭਾਰਤ ਵਾਲੇ ਪਾਸੇ ਲਗਾਤਾਰ ਪਾਕਿਸਤਾਨ ਤਰਫੋਂ ਹਥਿਆਰ ਤੇ ਹੈਰੋਇਨ ਦੀਆਂ ਖੇਪਾਂ ਭੇਜੀਆਂ ਜਾ ਰਹੀਆਂ ਹਨ ਤੇ ਬਕਾਇਦਾ ਏਨਾ ਖੇਪਾਂ ਨੂੰ ਪ੍ਰਾਪਤ ਕਰਨ ਲਈ ਤਸਕਰ ਤੇ ਦੇਸ਼ ਵਿਰੋਧੀ ਅਨਸਰ ਸਰਹੱਦੀ ਖੇਤਰ 'ਚ ਖੁਲੇਆਮ ਘੁੰਮ ਰਹੇ ਹਨ ਤੇ ਸਰਹੱਦੀ ਪਿੰਡਾਂ 'ਚ ਪਨਾਹ ਵੀ ਲੈ ਰਹੇ ਹਨ ਤੇ ਇਸ ਸਭ ਦੇ ਪਿੱਛੇ ਮਾਸਟਰਮਾਈੰਡ ਕੈਨੇਡਾ ਫਰਾਰ ਹੋਏ ਗੈਂਗਸਟਰ ਲਖਬੀਰ ਸਿੰਘ ਲੰਢਾ ਨੂੰ ਦੱਸਿਆ ਗਿਆ ਹੈ। 

 

ਇਸ ਗੱਲ ਦਾ ਖੁਲਾਸਾ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਸਪੈਸ਼ੱਲ ਸੈਲ ਵੱਲੋਂ ਸਰਹੱਦੀ ਥਾਣਾ ਲੋਪੋਕੇ 'ਚ ਦਰਜ ਕੀਤੀ ਗਈ ਇਕ ਅੇੈਫਆਈਆਰ ਤੋੰ ਹੋਇਆ ਹੈ, ਜਿਸ ਮੁਤਾਬਕ ਕੈਨੇਡਾ ਫਰਾਰ ਹੋਏ ਗੈਂਗਸਟਰ ਲਖਬੀਰ ਸਿੰਘ ਲੰਢਾ ਨਾਲ ਮਿਲਕੇ ਦੇਸ਼ ਵਿਰੋਧੀ ਤਾਕਤਾਂ ਲਗਾਤਾਰ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਇਲਾਕੇ 'ਚ ਹਥਿਆਰਾਂ ਤੇ ਹੈਰੋਇਨ ਦੀ ਖੇਪ ਭੇਜ ਰਹੀਆਂ ਹਨ ਤੇ ਏਨਾ ਨੂੰ ਹਾਸਲ ਕਰਨ ਲਈ ਲਖਬੀਰ ਸਿੰਘ ਲੰਢਾ ਦੇ ਗੈੰਗ ਦੇ ਮੈਂਬਰ ਲਗਾਤਾਰ ਸਰਹੱਦੀ ਖੇਤਰਾਂ 'ਚ ਸਰਗਰਮ ਹਨ ਤੇ ਖੇਪਾਂ ਹਾਸਲ ਕਰ ਰਹੇ ਹਨ ਤੇ ਬਕਾਇਦਾ ਸਰਹੱਦੀ ਪਿੰਡਾਂ 'ਚ ਪਨਾਹ ਵੀ ਲੈ ਰਹੇ ਹਨ। 

 

ਸਪੈਸ਼ਲ ਸੈਲ ਦੇ ਵੱਲੋਂ ਇਸ ਬਾਬਤ ਜੇਰੇ ਦਫਾ 212, 216 ਆਈਪੀਸੀ ਤਹਿਤ ਲਖਬੀਰ ਸਿੰਘ ਲੰਢਾ ਨੂੰ ਨਾਮਜਦ ਕਰਕੇ ਲੋਪੋਕੇ ਥਾਣੇ 'ਚ ਮਾਮਲਾ ਦਰਜ ਕਰਵਾ ਕੇ ਸਰਹੱਦੀ ਖੇਤਰ 'ਚ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ।ਹਾਲਾਂਕਿ ਇਸ ਮਾਮਲੇ 'ਚ ਹਾਲੇ ਤਕ ਕਿਸੇ ਪਨਾਹ ਦੇਣ ਵਾਲੇ ਨੂੰ ਨਾਮਜਦ ਨਹੀਂ ਕੀਤਾ ਪਰ ਪੁਲਿਸ ਨੇ ਕਈ ਥਾਈੰ ਛਾਪੇਮਾਰੀ ਕੀਤੀ ਹੈ। 

 

ਹਾਲ ਹੀ 'ਚ ਪੰਜਾਬ 'ਚ ਵਾਪਰੀਆਂ ਕਈ ਘਟਨਾਵਾਂ 'ਚ ਲਖਬੀਰ ਸਿੰਘ ਲੰਢੇ ਦਾ ਨਾਮ ਆਇਆ ਸੀ ,ਜੋ ਪਾਕਿਸਤਾਨ ਬੈਠੇ ਅੱਤਵਾਦੀ ਰਿੰਦਾ ਨਾਲ ਮਿਲ ਕੇ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਅੰਜਾਮ ਦੇਣ 'ਚ ਲੱਗਾ ਹੈ। ਇਸ ਮਾਮਲੇ 'ਚ ਅੰਮ੍ਰਿਤਸਰ ਦਿਹਾਤੀ ਪੁਲਿਸ ਤੋਂ ਇਲਾਵਾ ਪੰਜਾਬ ਪੁਲਿਸ  ਦੀਆਂ ਹੋਰ ਟੀਮਾਂ ਵੀ ਜੁਟ ਗਈਆਂ ਹਨ। ਦੂਜੇ ਪਾਸੇ ਅੰਮ੍ਰਿਤਸਰ ਦਿਹਾਤੀ ਪੁਲਸ ਦੇ ਅਧਿਕਾਰੀ ਇਸ ਬਾਬਤ ਕੋਈ ਜਾਣਕਾਰੀ ਸਾਂਝੀ ਕਰਨ ਤੋੰ ਗੁਰੇਜ ਕਰ ਰਹੇ ਹਨ ਪਰ ਪੁਲਸ ਸੂਤਰਾਂ ਮੁਤਾਬਕ ਇਸ ਮਾਮਲੇ 'ਚ ਪੁਲਿਸ ਛੇਤੀ ਹੀ ਕੋਈ ਵੱਡੀ ਕਾਰਵਾਈ ਨੂੰ ਅੰਜਾਮ ਦੇ ਸਕਦੀ ਹੈ।