Amritsar News: ਗੈਂਗਸਟਰ ਲੌਰੈਂਸ ਬਿਸ਼ਨੋਈ ਦਾ ਅੰਮ੍ਰਿਤਸਰ ਦਿਹਾਤੀ ਪੁਲਿਸ ਨੂੰ 10 ਦਿਨ ਦਾ ਰਿਮਾਂਡ ਮਿਲ ਗਿਆ ਹੈ। ਹੁਣ ਪੁਲਿਸ ਗੈਂਗਸਟਰ ਬਿਸ਼ਨੋਈ ਤੋਂ ਕਈ ਰਾਜ ਪਤਾ ਕਰੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਘਰਿੰਡਾ ਥਾਣੇ 'ਚ ਦਰਜ ਮਾਮਲੇ 'ਚ ਪੁੱਛਗਿੱਛ ਲਈ ਰਿਮਾਂਡ ਲਿਆ ਹੈ।
ਦੱਸ ਦਈਏ ਕਿ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗੈਂਗਸਟਰ ਲੌਰੈਂਸ ਬਿਸ਼ਨੋਈ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਅੱਜ ਲੌਰੈਂਸ ਬਿਸ਼ਨੋਈ ਨੂੰ ਜਲੰਧਰ ਤੋਂ ਅੰਮ੍ਰਿਤਸਰ ਲਿਆ ਕੇ ਅੰਮ੍ਰਿਤਸਰ ਦੀ ਅਦਾਲਤ 'ਚ ਪੇਸ਼ ਕੀਤਾ।
ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਘਰਿੰਡਾ ਥਾਣੇ 'ਚ ਦਰਜ ਮਾਮਲੇ 'ਚ ਲੌਰੈਂਸ ਬਿਸ਼ਨੋਈ ਨਾਮਜ਼ਦ ਹੈ। ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਸੀਆਈਏ ਸਟਾਫ ਵੱਲੋਂ 2021 'ਚ ਗੈਂਗਸਟਰ ਨਿਤਿਨ ਨਾਹਰ, ਬਿਕਰਮ ਸਿੰਘ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਨਿਤਿਨ ਨਾਹਰ ਤੇ ਉਸ ਦੇ ਸਾਥੀਆਂ ਨੇ ਲੌਰੈਂਸ ਬਿਸ਼ਨੋਈ ਦੇ ਕਹਿਣ 'ਤੇ ਮੋਹਾਲੀ ਦੇ ਇੱਕ ਸ਼ਰਾਬ ਵਪਾਰੀ ਦੇ ਘਰ ਬਾਹਰ 2021 'ਚ ਫਾਇਰਿੰਗ ਕੀਤੀ ਸੀ। ਫਾਇਰਿੰਗ ਕਰਨ ਤੋਂ ਬਾਅਦ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਅਧੀਨ ਪੈਂਦੇ ਸਰਹੱਦੀ ਖੇਤਰ 'ਚ ਪਨਾਹ ਲਈ ਸੀ ਤੇ ਲੌਰੈਂਸ ਗੈਂਗ ਕਿਸੇ ਵੱਡੀ ਸਾਜਿਸ਼ ਨੂੰ ਅੰਜਾਮ ਦੇਣ ਦੀ ਤਿਆਰੀ ਕਰ ਰਿਹਾ ਸੀ। ਲੌਰੈਂਸ ਬਿਸ਼ਨੋਈ ਦਾ ਨਾਮ ਕਈ ਹਥਿਆਰਾਂ ਸਮੇਤ ਤਿੰਨ ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਪੁੱਛਗਿੱਛ 'ਚ ਆਇਆ ਸੀ।
ਇਸ ਮਗਰੋਂ ਲੌਰੈਂਸ ਬਿਸ਼ਨੋਈ ਨੂੰ ਘਰਿੰਡਾ ਥਾਣੇ 'ਚ ਕੇਸ ਵਿੱਚ ਨਾਮਜਦ ਕੀਤਾ ਗਿਆ ਸੀ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ 'ਚ ਮੁੱਖ ਸਾਜਿਸ਼ਕਰਤਾ ਵਜੋਂ ਨਾਮਜ਼ਦ ਹੋਣ ਉਪਰੰਤ ਲੌਰੈਂਸ ਬਿਸ਼ਨੋਈ ਨੂੰ ਪੰਜਾਬ ਦੇ ਵੱਖ ਵੱਖ ਜ਼ਿਲਿਆਂ ਦੀ ਪੁਲਿਸ ਵੱਲੋਂ ਰਿਮਾਂਡ 'ਤੇ ਲਿਆ ਜਾ ਰਿਹਾ ਹੈ।
ਲੌਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਜਿਲੇ 'ਚ ਦੂਜੀ ਵਾਰ ਪ੍ਰੋਡਕਸ਼ਨ ਵਾਰੰਟ 'ਤੇ ਲਿਆਂਦਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਰਾਣਾ ਕੰਦੋਵਾਲੀਆ ਕਤਲ ਮਾਮਲੇ 'ਚ ਲੌਰੈਂਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਗਿਆ ਸੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ