ਨਾਭਾ: ਜੇਲ੍ਹ ਬਰੇਕ ਕਾਂਡ ਦਾ ਮਾਸਟਰ ਮਾਇੰਡ ਪਰਵਿੰਦਰ ਸਿੰਘ ਪਿੰਦਾ ਨੂੰ ਅਦਾਲਤ ਨੇ 11 ਦਿਨਾਂ ਦੇ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਪਟਿਆਲਾ ਪੁਲਿਸ ਵੱਲੋਂ ਪਰਵਿੰਦਰ ਨੂੰ ਪ੍ਰੋਟਕਸ਼ਨ ਵਰੰਟ 'ਤੇ ਲਿਆਉਣ ਤੋਂ ਬਾਅਦ ਦੇਰ ਰਾਤ ਨਾਭਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ ਸੀ। ਪੁਲਿਸ ਪਿੰਦਾ ਤੋਂ ਜੇਲ੍ਹ ਬਰੇਕ ਸਾਜਿਸ਼ 'ਚ ਸ਼ਾਮਲ ਹੋਰ ਲੋਕਾਂ ਤੇ ਭੱਜੇ ਕੈਦੀਆਂ ਦੀ ਗ੍ਰਿਫਤਾਰੀ ਲਈ ਪੁੱਛਗਿੱਛ ਕਰੇਗੀ। ਇਸ ਖਤਰਕਨਾਕ ਗੈਂਗਸਟਰ ਨੂੰ ਯੂ.ਪੀ. ਦੇ ਸਾਂਵਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਪਿੰਦੇ ਦਾ ਸਬੰਧ ਜਲੰਧਰ ਦੇ ਪਿੰਡ ਨਿਹਾਲੂਵਾਲ ਨਾਲ ਹੈ। ਉਹ ਕੁੱਝ ਸਮਾਂ ਪਹਿਲਾਂ ਹੀ ਨਾਭਾ ਜੇਲ੍ਹ ਤੋਂ ਫ਼ਰਾਰ ਹੋਇਆ ਸੀ। ਅਪ੍ਰੈਲ 2013 ਵਿੱਚ ਉਸ ਨੇ ਜਲੰਧਰ ਦੇ ਫਗਵਾੜਾ ਬਾਈਪਾਸ ਨੇੜੇ ਹਵੇਲੀ ਹੋਟਲ ਕੋਲ ਏ.ਐਸ.ਆਈ. ਗੁਰਦੇਵ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਇਸ ਤੋਂ ਬਾਅਦ ਦਸੰਬਰ 2013 ਵਿੱਚ ਪੁਲਿਸ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਗ੍ਰਿਫ਼ਤਾਰੀ ਵਕਤ ਪਿੰਦੇ ਦੀ ਗਰਲਫਰੈਂਡ ਸੋਨੀਆ ਵੀ ਉਸ ਦੇ ਨਾਲ ਸੀ।


ਪਰਵਿੰਦਰ ਸਿੰਘ ਪਿੰਦੇ ਉੱਤੇ ਇੱਕ ਏ.ਐਸ.ਆਈ. ਤੇ ਇੱਕ ਜਲੰਧਰ ਦੇ ਐਨ.ਆਰ.ਆਈ. ਦੀ ਹੱਤਿਆ ਸਮੇਤ ਲੁੱਟ-ਖੋਹ ਦੇ 10 ਤੋਂ ਜ਼ਿਆਦਾ ਕੇਸ ਦਰਜ ਹਨ। 29 ਮਾਰਚ, 2016 ਨੂੰ ਪਿੰਦਾ ਨਾਭਾ ਜੇਲ੍ਹ ਵਿੱਚ ਬਿਮਾਰੀ ਦਾ ਬਹਾਨਾ ਲੱਗਾ ਕੇ ਹਸਪਤਾਲ ਆਇਆ ਜਿੱਥੇ ਉਸ ਦੇ ਸਾਥੀਆਂ ਨੇ ਫਾਇਰਿੰਗ ਕਰ ਕੇ ਉਸ ਨੂੰ ਛਡਵਾ ਲਿਆ।