ਚੰਡੀਗੜ੍ਹ: ਨੋਟਬੰਦੀ ਦਾ ਅੱਜ 22ਵਾਂ ਦਿਨ ਹੈ। ਨੋਟਬੰਦੀ ਦੇ ਪਹਿਲੇ ਦਿਨ ਤੋਂ ਲੈ ਕੇ ਰਿਜ਼ਰਵ ਬੈਂਕ ਆਫ ਇੰਡੀਆ ਹਰ ਦਿਨ ਨਵੇਂ ਨਿਯਮਾਂ ਦੀ ਵਾਛੜ ਕਰ ਰਿਹਾ ਹੈ। ਕਈ ਲੋਕ ਤਾਂ ਕਹਿ ਰਹੇ ਹਨ ਕਿ ਉਨ੍ਹਾਂ ਦੇ ਖਾਤਿਆਂ 'ਚ ਵੀ ਇੰਨਾ ਬੈਲੇਂਸ ਨਹੀਂ, ਜਿੰਨੇ RBI ਦੇ ਨਿਯਮ ਹੋ ਗਏ ਹਨ। ਕੋਈ ਕਹਿ ਰਿਹਾ ਹੈ ਕਿ ਨਿਯਮ ਉਨ੍ਹਾਂ ਦੇ ਖਾਤਿਆਂ 'ਚ ਜਮਾਂ ਪੈਸਿਆਂ ਤੋਂ ਦੁੱਗਣੇ ਹੋ ਗਏ ਹਨ।


ਅੱਜ ਦਾ ਨਵਾਂ ਨਿਯਮ ਹੈ ਕਿ ਜਨਧਨ ਖਾਤਿਆਂ 'ਚੋਂ ਇੱਕ ਮਹੀਨੇ 'ਚ ਸਿਰਫ 10,000 ਰੁਪਏ ਹੀ ਕਢਵਾਏ ਜਾ ਸਕਦੇ ਹਨ। ਨਿੱਤ ਨਵੇਂ ਨਿਯਮਾਂ 'ਤੇ ਨਜ਼ਰ ਮਾਰੀਏ ਤਾਂ ...

29 ਨਵੰਬਰ: 21ਵੇਂ ਦਿਨ ਐਲਾਨ ਹੋਇਆ ਕਿ ਮਹੀਨੇ ਦੀ ਤਨਖਾਹ ਆਉਣ 'ਤੇ ਵੀ ਖਾਤੇ 'ਚੋਂ ਇੱਕ ਹਫਤੇ 'ਚ 24 ਹਜਾਰ ਤੋਂ ਵੱਧ ਰੁਪਏ ਨਹੀਂ ਕਢਵਾਏ ਜਾ ਸਕਦੇ, ਜੋ ਨੌਕਰੀਪੇਸ਼ਾ ਲੋਕਾਂ ਲਈ ਇੱਕ ਵੱਡਾ ਝਟਕਾ ਸੀ।

26 ਨਵੰਬਰ: ਸਰਕਾਰ ਨੇ ਕਾਲੇ ਧਨ ਵਾਲਿਆਂ ਨੂੰ ਥੋੜੀ ਰਾਹਤ ਦਿੰਦਿਆਂ ਮਤਾ ਪਾਸ ਕੀਤਾ ਕਿ ਜੇ ਕੋਈ ਖੁਦ ਆਪਣੇ ਕਾਲੇ ਧਨ ਦੀ ਜਾਣਕਾਰੀ ਦੇ ਕੇ ਜਮ੍ਹਾਂ ਕਰਵਾਉਂਦਾ ਹੈ ਤਾਂ ਜਮ੍ਹਾਂ ਕੀਤੀ ਰਕਮ ਦਾ 50 ਪ੍ਰਤੀਸ਼ਤ ਟੈਕਸ ਅਦਾ ਕਰਨਾ ਹੋਵੇਗਾ। ਬਾਕੀ 50 ਫੀਸਦ ਰਕਮ ਤੁਹਾਡੀ ਹੋਵੇਗੀ ਪਰ ਇਸ ਲਈ ਸ਼ਰਤ ਹੈ ਕਿ ਬਾਕੀ ਬਚੀ ਰਕਮ ਦਾ 50 ਫੀਸਦ ਹਿੱਸਾ 4 ਸਾਲ ਤੱਕ ਨਹੀਂ ਕਢਵਾ ਸਕੋਗੇ।

25 ਨਵੰਬਰ: 18ਵੇਂ ਦਿਨ ਰਿਜ਼ਰਵ ਬੈਂਕ ਆਫ ਇੰਡੀਆ ਦੇ ਐਲਾਨ ਮੁਤਾਬਕ 1000 ਰੁਪਏ ਦੇ ਨੋਟ 'ਤੇ ਮੁਕੰਮਲ ਰੋਕ ਲੱਗ ਗਈ ਹਾਲਾਂਕਿ 30 ਦਸੰਬਰ ਤੱਕ ਬੈਂਕਾਂ 'ਚ ਜਮ੍ਹਾਂ ਹੋਣਗੇ। 500 ਰੁਪਏ ਦਾ ਨੋਟ ਐਲਾਨੀਆ ਥਾਵਾਂ 'ਤੇ ਚੱਲਦਾ ਰਹੇਗਾ ਪਰ ਹਕੀਕਤ 'ਚ ਹਰ ਕੋਈ 500 ਦਾ ਨੋਟ ਲੈਣ ਤੋਂ ਇਨਕਾਰ ਕਰਦਾ ਹੈ।

24 ਨਵੰਬਰ: 17ਵੇਂ ਦਿਨ ਬੁਰੀ ਖਬਰ ਆਈ ਕਿ 25 ਨਵੰਬਰ ਤੋਂ ਬਾਅਦ ਕਿਸੇ ਵੀ ਬੈਂਕ ਜਾਂ ਡਾਕਘਰ ਤੋਂ ਆਪਣੇ ਪੁਰਾਣੇ 500 ਤੇ 1000 ਦੇ ਨੋਟ ਨਹੀਂ ਬਦਲਵਾ ਸਕਦੇ। ਇਸ ਦੇ ਨਾਲ ਹੀ ਰਾਹਤ ਭਰਿਆ ਐਲਾਨ ਹੋਇਆ ਸੀ ਕਿ ਹਾਈਵੇ 'ਤੇ ਲੱਗਣ ਵਾਲਾ ਟੋਲ 2 ਦਸੰਬਰ ਤੱਕ ਨਹੀਂ ਭਰਨਾ ਹੋਵੇਗਾ, ਪਹਿਲਾਂ ਇਹ ਛੋਟ 24 ਨਵੰਬਰ ਤੱਕ ਸੀ।

26-27 ਨਵੰਬਰ: ਬੈਂਕ ਕਰਮਾਚਾਰੀਆਂ ਲਈ ਰਾਹਤ ਭਰਿਆ ਸੀ ਕਿਉਂਕਿ ਬੈਂਕ ਬੰਦ ਸਨ ਪਰ ਆਮ ਲੋਕਾਂ ਨੂੰ ATM 'ਤੇ ਵੀ ਜ਼ਿਆਦਾਤਰ ਨੋ-ਕੈਸ਼ ਦਾ ਫੱਟਾ ਹੀ ਮਿਲਿਆ।

23 ਨਵਬੰਰ: ਕਿਸਾਨਾਂ ਲਈ ਐਲਾਨ ਹੋਇਆ, ਜ਼ਿਲ੍ਹਾ ਕੇਂਦਰੀ ਸਹਿਕਾਰੀ ਬੈਂਕਾਂ ਲਈ 21 ਹਜ਼ਾਰ ਕਰੋੜ ਰੁਪਏ ਦੀ ਨਕਦੀ ਦਾ ਪ੍ਰਬੰਧ ਕੀਤਾ ਗਿਆ। ਇਸੇ ਦਿਨ ਹੀ ਐਲਾਨ ਹੋਇਆ ਵਿਆਹ ਵਾਲੇ ਘਰਾਂ ਲਈ, ਖਾਤਿਆਂ 'ਚੋਂ ਢਾਈ ਲੱਖ ਰੁਪਏ ਕਢਵਾਉਣ ਸਮੇਂ 10 ਹਜ਼ਾਰ ਰੁਪਏ ਤੋਂ ਵੱਧ ਦੀ ਅਦਾਇਗੀ ਲਈ ਕੋਈ ਸਬੂਤ ਨਹੀਂ ਦੇਣਾ ਪਏਗਾ ਪਰ ਇਸ ਲਈ ਖਾਤੇ 'ਚ 8 ਨਵੰਬਰ ਤੋਂ ਪਹਿਲਾਂ ਬੈਲੇਂਸ ਹੋਣਾ ਜਰੂਰੀ ਹੈ।

21 ਨਵੰਬਰ: ਨੋਟਬੰਦੀ ਦੇ 14ਵੇਂ ਦਿਨ ਨਰੇਂਦਰ ਮੋਦੀ ਨੇ ਲੋਕਾਂ ਤੋਂ ਨੋਟਬੰਦੀ ਬਾਰੇ ਰਾਏ ਮੰਗੀ। ਮੋਦੀ ਨੇ ਨੋਟਬੰਦੀ ਨੂੰ ਸਰਜੀਕਲ ਸਟਰਾਈਕ ਦਾ ਨਾਂ ਦਿੱਤਾ।

21 ਨਵੰਬਰ: ATM ਵਿੱਚੋਂ 2000 ਦੀ ਥਾਂ 2500 ਰੁਪਏ ਕੱਢਵਾਏ ਜਾ ਸਕਦੇ ਹਨ ਪਰ ਕੁੱਲ ਦੋ ਲੱਖ ਏ.ਟੀ.ਐਮ. ਮਸ਼ੀਨਾਂ 'ਚੋਂ ਕੁਝ ਹਜ਼ਾਰ ATM ਹੀ ਚੱਲਦੇ ਮਿਲੇ।

19 ਨਵੰਬਰ: ਪੈਸੇ ਜਮ੍ਹਾਂ ਕਰਾਵਾਉਣ ਵਾਲਿਆਂ 'ਤੇ ਗਾਜ ਡਿੱਗੀ ਆਮਦਨ ਕਰ ਵਿਭਾਗ ਦੀ, ਵੱਧ ਪੈਸੇ ਜਮਾਂ ਕਰਵਾਉਣ ਵਾਲਿਆਂ ਨੂੰ ਵਿਭਾਗ ਨੇ ਨੋਟਿਸ ਭੇਜੇ ਤੇ 25 ਨਵੰਬਰ ਤੱਕ ਵਿਭਾਗ ਦਫਤਰ ਚ ਪੇਸ਼ ਹੋਣ ਲਈ ਕਿਹਾ। ਸਿਰਫ ਬਜ਼ੁਰਗ ਹੀ ਬੈਂਕਾਂ ਤੋਂ ਪੁਰਾਣੇ ਨੋਟ ਬਦਲਵਾ ਸਕਦੇ ਸਨ। ਆਮਦਨ ਕਰ ਵਿਭਾਗ ਨੇ ਚੇਤਾਵਨੀ ਦਿੱਤੀ ਕਿ ਜਿਹੜੇ ਲੋਕ ਦੂਜਿਆਂ ਦੇ ਖ਼ਾਤਿਆਂ ’ਚ ਪੁਰਾਣੇ ਨੋਟ ਜਮ੍ਹਾਂ ਕਰਵਾ ਰਹੇ ਹਨ, ਉਨ੍ਹਾਂ ਨੂੰ ਬੇਨਾਮੀ ਲੈਣ-ਦੇਣ ਐਕਟ ਤਹਿਤ 7 ਸਾਲ ਦੀ ਕੈਦ ਹੋ ਸਕਦੀ ਹੈ। ਨਵੇਂ ਨੋਟ ਤੇ ਕੁਝ ਲਿਖਿਆ ਤਾਂ ਬੈਂਕ ਨਹੀਂ ਲਏਗਾ।

18 ਨਵੰਬਰ: ਬੈਂਕਾਂ ਵਿੱਚੋਂ 4500 ਦੀ ਥਾਂ ਸਿਰਫ 2000 ਰੁਪਏ ਦੇ ਹੀ ਪੁਰਾਣੇ ਨੋਟ ਬਦਲੇ ਜਾਣਗੇ। ਮੁੱਖ ਸ਼ਹਿਰਾਂ ਦੇ ਵੀ.ਆਈ.ਪੀ. ਇਲਾਕਿਆਂ ‘ਚ ਮੌਜੂਦ ਜਾਇਦਾਦਾਂ ਦੀ ਵੀ ਜਾਂਚ ਸ਼ੁਰੂ ਹੋਈ, ਬੇਨਾਮੀ ਟ੍ਰਾਂਜੈਕਸ਼ਨ ਐਕਟ 2016 ਤਹਿਤ ਬੇਨਾਮੀ ਪ੍ਰਾਪਰਟੀ ਜ਼ਬਤ ਕਰਨ ਤੇ 7 ਸਾਲ ਤੱਕ ਦੀ ਸਜ਼ਾ ਦਾ ਐਲਾਨ।

17 ਨਵੰਬਰ: ਟੋਲ ਟੈਕਸ ਛੂਟ 18 ਨਵੰਬਰ ਤੋਂ ਵਧਾ ਕੇ 24 ਨਵੰਬਰ ਕੀਤੀ। ਕੇਂਦਰ ਸਰਕਾਰ ਨੋਟਬੰਦੀ ਦੇ ਫੈਸਲੇ ਖਿਲਾਫ ਕਿਸੇ ਵੀ ਤਰ੍ਹਾਂ ਦਾ ਕਾਰਵਾਈ ‘ਤੇ ਰੋਕ ਲਾਉਣ ਲਵਾਉਣ ਲਈ ਸੁਪਰੀਮ ਕੋਰਟ ਪਹੁੰਚੀ। ਨੋਟਬੰਦੀ ਨੂੰ ਲੈ ਕੇ ਸੰਸਦ ਦੇ ਦੋਵਾਂ ਸਦਨਾਂ ‘ਚ ਵਿਰੋਧੀ ਧਿਰ ਵੱਲੋਂ ਹੰਗਾਮਾ ਕੀਤੇ ਜਾਣ ਤੋਂ ਬਾਅਦ ਸੰਸਦ ਠੱਪ ਹੋਈ।

16 ਨਵੰਬਰ: ਇੱਕ ਵਿਅਕਤੀ 500 ਰੁਪਏ ਤੋਂ ਵੱਧ ਦੇ ਨੋਟ ਤਬਦੀਲ ਨਹੀਂ ਕਰਵਾ ਸਕਦਾ, ਉਸ ਤੋਂ ਵੱਧ ਪੈਸੇ ਖਾਤੇ ਚ ਜਮ੍ਹਾਂ ਹੋਣਗੇ, ਪਛਾਣ ਲਈ ਹੱਥ ਤੇ ਸਿਆਹੀ ਦਾ ਨਿਸ਼ਾਨ ਲਾਉਣਾ ਸ਼ੁਰੂ ਕੀਤਾ।

14 ਨਵੰਬਰ: ਟੋਲ ਟੈਕਸ ਛੂਟ ਨੂੰ 18 ਨਵੰਬਰ ਤੱਕ ਵਧਾਇਆ। ਸਰਕਾਰੀ ਹਸਪਤਾਲ, ਰੇਲਵੇ, ਬੱਸ ਟਿਕਟ, ਪੈਟਰੋਲ ਪੰਪ ਵਰਗੀਆਂ ਥਾਵਾਂ ‘ਤੇ 24 ਨਵੰਬਰ ਤੱਕ ਪੁਰਾਣੇ 500 ਤੇ 1000 ਦੇ ਨੋਟ ਚੱਲਣ ਦਾ ਐਲਾਨ ਕੀਤਾ।

11 ਨਵੰਬਰ: ਨੋਟਬੰਦੀ 'ਤੇ ਰੋਕ ਲਈ ਸੁਪਰੀਮ ਕੋਰਟ ਚ ਪਟੀਸ਼ਨ ਦਾਖਲ ਹੋਈ।

8 ਨਵੰਬਰ: ਰਾਤ 8.30 ਵਜੇ ਨੋਟਬੰਦੀ ਦਾ ਐਲਾਨ। 9 ਨਵੰਬਰ ਤੇ 10 ਨਵੰਬਰ ਨੂੰ ਸਾਰੇ ਏਟੀਐਮ ਬੰਦ ਰਹਿਣਗੇ, 9 ਨਵੰਬਰ ਨੂੰ ਦੇਸ਼ ਦੇ ਸਾਰੇ ਬੈਂਕ ਬੰਦ ਰਹਿਣਗੇ, ਵੱਡੇ ਨੋਟ ਤੋਂ ਛੋਟੇ ਨੋਟ ਜਾਂ ਨਵੇਂ ਨੋਟ ਵਿੱਚ ਤਬਦੀਲੀ 10 ਨਵੰਬਰ ਤੋਂ 24 ਨਵੰਬਰ ਤੱਕ ਹੋ ਸਕੇਗੀ।

ਇੱਕ ਦਿਨ ਵਿੱਚ 4000 ਰੁਪਏ ਤੱਕ ਦੀ ਨਕਦੀ ਤੁਸੀਂ ਬਦਲਵਾ ਸਕਦੇ ਹੋ, 500 ਤੇ 1000 ਰੁਪਏ ਦੇ ਨੋਟ ਬੈਂਕ ਵਿੱਚ ਜਮ੍ਹਾਂ 10 ਨਵੰਬਰ ਤੋਂ 30 ਦਸੰਬਰ ਤੱਕ ਕਰਵਾ ਸਕਦੇ ਹੋ, 10 ਨਵੰਬਰ ਤੋਂ ਬੈਂਕਾਂ ਵਿੱਚ 500 ਅਤੇ 2000 ਰੁਪਏ ਦੇ ਨਵੇਂ ਨੋਟ ਆ ਜਾਣਗੇ, ਰੇਲਵੇ ਸਟੇਸ਼ਨ, ਸਰਕਾਰੀ ਬੱਸ ਕਾਉਂਟਰ, ਏਅਰਲਾਈਨਜ਼, ਏਅਰਪੋਰਟ, ਹਸਪਤਾਲ, ਪੈਟਰੋਲ ਪੰਪ, ਅਧਿਕਾਰਤ ਦੁੱਧ ਦੇ ਬੂਥ, ਸ਼ਮਸ਼ਾਨ ਘਾਟ ‘ਤੇ 11 ਨਵੰਬਰ ਅੱਧੀ ਰਾਤ ਤੱਕ 500/1000 ਰੁਪਏ ਦੇ ਨੋਟ ਚੱਲਣਗੇ

ਨੋਟਬੰਦੀ ਦੌਰਾਨ ਸਰਕਾਰ ਬੈਂਕਾ ਰਾਹੀਂ ਲੋਕਾਂ ਤੋਂ 15 ਲੱਖ ਕਰੋੜ ਤੋਂ ਵੱਧ ਜਮ੍ਹਾਂ ਨਗਦੀ ਲੈ ਚੁੱਕੀ ਹੈ ਪਰ ਲੋਕਾਂ ਨੂੰ ਹਾਲੇ ਤੱਕ ਸਿਰਫ 2 ਲੱਖ ਕਰੋੜ ਹੀ ਜਾਰੀ ਹੋਏ ਹਨ। ਲੋਕ ਕਹਿ ਰਹੇ ਨੇ ਕਿ ਨੋਟਬੰਦੀ ਤੋਂ ਬਾਅਦ ਪੈਸਿਆਂ ਦੇ ਸੋਕੇ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। -ਹਰਸ਼ਰਨ ਕੌਰ