Fatehgarh Sahib News : ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਬੱਸੀ ਪਠਾਣਾ ਵਿਖੇ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ ਹੋਇਆ ਹੈ। ਜਿਸ ਵਿੱਚ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਤਿੰਨ ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ। ਇਸ ਦੇ ਨਾਲ ਹੀ 2 ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਹਨ।
ਮਿਲੀ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਬੁੱਧਵਾਰ ਨੂੰ ਗੈਂਗਸਟਰਾਂ ਦਾ ਸਫਾਇਆ ਕਰਨ ਲਈ ਵੱਡੀ ਕਾਰਵਾਈ ਕੀਤੀ ਹੈ। ਐਂਟੀ ਗੈਂਗਸਟਰ ਟਾਸਕ ਫੋਰਸ ਨੂੰ ਸੂਚਨਾ ਮਿਲੀ ਸੀ ਕਿ ਫਤਿਹਗੜ੍ਹ ਸਾਹਿਬ ਦੇ ਬੱਸੀ ਪਠਾਣਾ 'ਚ ਕੁਝ ਗੈਂਗਸਟਰ ਲੁਕੇ ਹੋਏ ਹਨ। ਐਂਟੀ ਗੈਂਗਸਟਰ ਟਾਸਕ ਫੋਰਸ ਇੱਕ ਥਾਰ ਜੀਪ ਵਿੱਚ ਸਵਾਰ ਤਿੰਨ ਗੈਂਗਸਟਰਾਂ ਦਾ ਪਿੱਛਾ ਕਰ ਰਹੀ ਸੀ।
ਜਿਸ ਤੋਂ ਬਾਅਦ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਉਨ੍ਹਾਂ ਨੂੰ ਘੇਰਾ ਪਾ ਲਿਆ। ਦੋਸ਼ੀ ਥਾਰ ਕਾਰ ਵਿੱਚ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ। ਪੁਲਿਸ ਨੂੰ ਪਤਾ ਲੱਗਦਿਆਂ ਹੀ ਗੈਂਗਸਟਰਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ। ਇਸ ਦੇ ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਕੀਤੀ। ਜਵਾਬੀ ਕਾਰਵਾਈ ਵਿੱਚ ਪੁਲਿਸ ਨੇ ਦੋ ਗੈਂਗਸਟਰਾਂ ਨੂੰ ਢੇਰ ਕਰ ਦਿੱਤਾ ਸੀ , ਜਦਕਿ ਇੱਕ ਜ਼ਖ਼ਮੀ ਹੋ ਗਿਆ ਸੀ , ਜਿਸ ਦੀ ਬਾਅਦ 'ਚ ਮੌਤ ਹੋ ਗਈ ਹੈ।
ਇਨ੍ਹਾਂ ਗੈਂਗਸਟਰਾਂ ਨੇ ਪੁਲੀਸ ਟੀਮ ਨੂੰ ਚਕਮਾ ਦੇ ਕੇ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਪੁਲੀਸ ਪਾਰਟੀ ’ਤੇ ਗੋਲੀ ਚਲਾ ਦਿੱਤੀ। ਜਿਸ ਵਿੱਚ ਇੱਕ ਪੁਲਿਸ ਮੁਲਾਜ਼ਮ ਨੂੰ ਗੋਲੀ ਲੱਗੀ ਹੈ। ਦੂਜੇ ਦੀ ਪਿੱਠ 'ਤੇ ਵੀ ਸੱਟ ਲੱਗੀ ਹੈ।ਇਸ ਆਪਰੇਸ਼ਨ ਦੀ ਅਗਵਾਈ ਐਂਟੀ ਗੈਂਗਸਟਰ ਟਾਸਕ ਫੋਰਸ ਦੇ ਮੁਖੀ ਪ੍ਰਮੋਦ ਬਾਨ ਨੇ ਕੀਤੀ।ਗੈਂਗਸਟਰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ ਵੱਲ ਜਾ ਰਹੇ ਸਨ। ਰਸਤੇ ਵਿਚ ਮੁਕਾਬਲਾ ਹੋ ਗਿਆ।
ਇਨ੍ਹਾਂ ਗੈਂਗਸਟਰਾਂ 'ਚ ਇਕ ਤੇਜਿੰਦਰ ਤੇਜਾ ਮਹਿੰਦੀਪੁਰੀਆ ਹੈ, ਜੋ ਫਿਲੌਰ 'ਚ ਇਕ ਪੁਲਸ ਕਾਂਸਟੇਬਲ ਦੇ ਕਤਲ 'ਚ ਸ਼ਾਮਲ ਸੀ। ਏਜੀਟੀਐਫ ਦੇ ਮੁਖੀ ਪ੍ਰਮੋਦ ਬਾਨ ਨੇ ਦੱਸਿਆ ਕਿ ਜਨਵਰੀ ਮਹੀਨੇ ਵਿੱਚ ਪੰਜਾਬ ਪੁਲੀਸ ਦੇ ਕਾਂਸਟੇਬਲ ਕੁਲਦੀਪ ਸਿੰਘ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। ਉਸ ਨੂੰ ਮਾਰਨ ਵਾਲੇ ਗਰੋਹ ਦਾ ਮੁਖੀ ਤੇਜਿੰਦਰ ਸਿੰਘ ਤੇਜਾ ਮਹਿੰਦੀਪੁਰੀਆ ਸੀ। ਤੇਜਾ ਖਿਲਾਫ 38 ਤੋਂ ਵੱਧ ਮਾਮਲੇ ਦਰਜ ਹਨ।