Punjab News : ਜਗਰਾਉਂ ਦੇ ਪਿੰਡ ਕੋਕੇ 'ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਠਭੇੜ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮੁਠਭੇੜ 'ਚ ਇੱਕ ਗੈਂਗਸਟਰ ਜ਼ਖਮੀ ਹੋ ਗਿਆ ਹੈ। ਇਸ ਕਰਵਾਈ ਦੌਰਾਨ 1 ਗੈਂਗਸਟਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ ਅਤੇ 1 ਗੈਂਗਸਟਰ ਫ਼ਰਾਰ ਹੋ ਗਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਦੀ ਗਿ੍ਫ਼ਤਾਰੀ ਲਈ ਸ਼ਹਿਰ 'ਚ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕੀਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਗੈਂਗਸਟਰ ਇੱਕ ਵਪਾਰੀ ਤੋਂ ਫਿਰੌਤੀ ਵਸੂਲਣ ਆਏ ਸਨ। ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਗੈਂਗਸਟਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰਾਂ ਨੇ ਪੁਲਿਸ 'ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਦੀ ਜਵਾਬੀ ਕਾਰਵਾਈ ਵਿੱਚ ਇੱਕ ਗੈਂਗਸਟਰ ਜ਼ਖ਼ਮੀ ਹੋ ਗਿਆ, ਜਦਕਿ ਇੱਕ ਭੱਜਣ ਵਿੱਚ ਕਾਮਯਾਬ ਹੋ ਗਿਆ ਹੈ।
ਦੱਸ ਦੇਈਏ ਕਿ ਪੰਜਾਬ 'ਚ ਗੈਂਗਸਟਰਾਂ ਖਿਲਾਫ ਪੁਲਿਸ ਸਖ਼ਤ ਕਾਰਵਾਈ ਕਰ ਰਹੀ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਖੰਨਾ ਵਿੱਚ ਪੁਲਿਸ ਨੇ ਇੱਕ ਗੈਂਗਸਟਰ ਅੰਮ੍ਰਿਤ ਬਲ ਦੇ 13 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ਵਿੱਚ ਪੰਜਾਬ ਪੁਲੀਸ ਦੀ ਇੱਕ ਔਰਤ ਅਤੇ ਇੱਕ ਕਾਂਸਟੇਬਲ ਵੀ ਸ਼ਾਮਲ ਹੈ। ਇਹ ਸ਼ੂਟਰ ਵਿਦੇਸ਼ 'ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਦੇ ਇਸ਼ਾਰੇ 'ਤੇ ਪੰਜਾਬ ਅਤੇ ਹਰਿਆਣਾ 'ਚ ਫਿਰੌਤੀ ਅਤੇ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੰਦੇ ਸਨ। ਗੈਂਗਸਟਰ ਅੰਮ੍ਰਿਤ ਬੱਲ ਜੱਗੂ ਭਗਵਾਨਪੁਰੀਆ ਦਾ ਸਾਥੀ ਹੈ।
ਆਈਜੀ ਨੇ ਦੱਸਿਆ ਸੀ ਕਿ ਪੁਲੀਸ ਨੇ ਅੰਮ੍ਰਿਤ ਬੱਲ ਦੀ ਮਹਿਲਾ ਸਾਥੀ ਦਲਜੀਤ ਕੌਰ ਵਾਸੀ ਅੰਮ੍ਰਿਤਸਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਹੈ। ਕਾਫੀ ਸਮੇਂ ਤੋਂ ਉਸ ਨਾਲ ਸਗਾਈ ਹੋਈ ਸੀ। ਅਮਰੀਕਾ 'ਚ ਬੈਠੇ ਗੈਂਗਸਟਰ ਅੰਮ੍ਰਿਤ ਬੱਲ ਨੇ ਗੋਲਡੀ ਬਰਾੜ ਦੀ ਤਰਜ਼ 'ਤੇ ਵਿਦੇਸ਼ਾਂ 'ਚ ਬੈਠ ਕੇ ਗੈਂਗ ਬਣਾ ਲਿਆ ਸੀ। ਇਸ ਵਿੱਚ 17 ਤੋਂ 18 ਸਾਲ ਦੇ ਨੌਜਵਾਨ ਫਿਰੌਤੀ ਅਤੇ ਟਾਰਗੇਟ ਕਿਲਿੰਗ ਵਰਗੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਿੱਚ ਸ਼ਾਮਲ ਸਨ।