Beating Retreat Ceremony At Attari Border : ਗਣਤੰਤਰ ਦਿਵਸ ਦੇ ਮੌਕੇ 'ਤੇ ਪੰਜਾਬ ਦੇ ਅਟਾਰੀ-ਵਾਹਗਾ ਸਰਹੱਦ 'ਤੇ ਬੀਟਿੰਗ ਰੀਟਰੀਟ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ। ਬੀਟਿੰਗ ਰੀਟਰੀਟ ਸਮਾਰੋਹ ਵਿੱਚ ਲਗਭਗ 26,000 ਲੋਕ ਮੌਜੂਦ ਹਨ। ਅਟਾਰੀ ਬਾਰਡਰ 'ਤੇ ਮੌਜੂਦ ਹਜ਼ਾਰਾਂ ਲੋਕਾਂ ਅਤੇ ਜਵਾਨਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਪ੍ਰੋਗਰਾਮ 'ਚ ਭਾਰਤੀ ਜਵਾਨਾਂ ਦੀ ਬਹਾਦਰੀ ਨੂੰ ਦੇਖਿਆ ਜਾ ਰਿਹਾ ਹੈ। ਇਸ ਸਮੇਂ ਪਰੇਡ ਚੱਲ ਰਹੀ ਹੈ। ਬੀਐਸਐਫ ਦੀ ਟੁਕੜੀ ਪਰੇਡ ਕਰ ਰਹੀ ਹੈ।


ਦੱਸ ਦੇਈਏ ਕਿ ਅਟਾਰੀ ਸਰਹੱਦ ਅੰਮ੍ਰਿਤਸਰ ਸ਼ਹਿਰ ਤੋਂ ਕਰੀਬ 32 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਹੈ ਅਤੇ ਹਰ ਰੋਜ਼ ਸੈਂਕੜੇ ਭਾਰਤੀ, ਵਿਦੇਸ਼ੀ ਸੈਲਾਨੀ ਅਤੇ ਸਥਾਨਕ ਲੋਕ ਬੀਟਿੰਗ ਰੀਟਰੀਟ ਸਮਾਰੋਹ ਨੂੰ ਦੇਖਣ ਲਈ ਪਹੁੰਚਦੇ ਹਨ। ਬੀਐਸਐਫ ਦੇ ਜਵਾਨਾਂ ਦੇ ਨਾਲ ਉਨ੍ਹਾਂ ਦੇ ਪਾਕਿਸਤਾਨੀ ਹਮਰੁਤਬਾ, ਰੇਂਜਰਸ ਵੀ ਬੀਟਿੰਗ ਰੀਟਰੀਟ ਸਮਾਰੋਹ ਵਿੱਚ ਹਿੱਸਾ ਲੈਂਦੇ ਹਨ।

 ਪਹਿਲੀ ਵਾਰ 11 ਅਕਤੂਬਰ 1947 ਨੂੰ ਲਹਿਰਾਇਆ ਗਿਆ ਸੀ ਤਿਰੰਗਾ 

ਤਿਰੰਗਾ ਪਹਿਲੀ ਵਾਰ 11 ਅਕਤੂਬਰ 1947 ਨੂੰ ਅਟਾਰੀ ਸਰਹੱਦ 'ਤੇ ਲਹਿਰਾਇਆ ਗਿਆ ਸੀ। ਭਾਰਤ ਅਤੇ ਪਾਕਿਸਤਾਨ ਰਵਾਇਤੀ ਤੌਰ 'ਤੇ 1959 ਤੋਂ ਅਟਾਰੀ ਸਰਹੱਦ 'ਤੇ ਬੀਟਿੰਗ ਰੀਟਰੀਟ ਸਮਾਰੋਹ ਦਾ ਆਯੋਜਨ ਕਰਦੇ ਆ ਰਹੇ ਹਨ ਅਤੇ ਇਸ ਸਮਾਗਮ ਵਿੱਚ ਦੋਵਾਂ ਦੇਸ਼ਾਂ ਦੇ ਲੋਕ ਵੱਡੀ ਗਿਣਤੀ ਵਿੱਚ ਸ਼ਾਮਲ ਹੁੰਦੇ ਹਨ। ਬੀਟਿੰਗ ਰੀਟਰੀਟ ਸਮਾਰੋਹ ਵਿੱਚ 60 ਤੋਂ 120 ਮਿੰਟ ਲੱਗਦੇ ਹਨ।

ਪਾਕਿਸਤਾਨ ਵਾਲੇ ਪਾਸੇ ਨੂੰ ਵਾਹਗਾ ਬਾਰਡਰ ਵਜੋਂ ਜਾਣਿਆ ਜਾਂਦਾ 

ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਇਤਿਹਾਸਕ ਗ੍ਰੈਂਡ ਟਰੰਕ ਰੋਡ 'ਤੇ ਅਟਾਰੀ-ਵਾਹਗਾ ਸਾਂਝੀ ਜਾਂਚ ਚੌਕੀ ਦੀ ਸਥਾਪਨਾ ਕੀਤੀ ਗਈ ਸੀ, ਜਿੱਥੇ ਭਾਰਤੀ ਪਾਸੇ ਨੂੰ ਅਟਾਰੀ ਅਤੇ ਪਾਕਿਸਤਾਨ ਵਾਲੇ ਪਾਸੇ ਨੂੰ ਵਾਹਗਾ ਵਜੋਂ ਜਾਣਿਆ ਜਾਂਦਾ ਹੈ। ਅਟਾਰੀ-ਵਾਹਗਾ ਸਰਹੱਦ 'ਤੇ ਹੋਣ ਵਾਲੇ ਇਸ ਸਮਾਰੋਹ ਲਈ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਨੇ ਸਹਿਮਤੀ ਜਤਾਈ ਸੀ।

 





ਸੂਰਜ ਡੁੱਬਣ ਤੋਂ ਪਹਿਲਾਂ ਉਤਾਰਿਆ ਜਾਂਦਾ ਤਿਰੰਗਾ

ਅਟਾਰੀ-ਵਾਹਗਾ ਸਰਹੱਦ 'ਤੇ ਭਾਰਤ ਅਤੇ ਪਾਕਿਸਤਾਨ ਦੀ ਸਰਹੱਦ 'ਤੇ ਗਸ਼ਤ ਕਰ ਰਹੇ ਜਵਾਨ ਸਵੇਰੇ ਆਪਣੇ-ਆਪਣੇ ਰਾਸ਼ਟਰੀ ਝੰਡੇ ਲਹਿਰਾਉਂਦੇ ਹਨ ਅਤੇ ਸ਼ਾਮ ਨੂੰ ਸੂਰਜ ਡੁੱਬਣ ਤੋਂ ਪਹਿਲਾਂ ਤਿਰੰਗੇ ਨੂੰ ਉਤਾਰਿਆ ਜਾਂਦਾ ਹੈ। ਤਿਰੰਗੇ ਨੂੰ ਉਤਾਰਨ ਤੋਂ ਪਹਿਲਾਂ ਭਾਰਤ ਅਤੇ ਪਾਕਿਸਤਾਨ ਦੇ ਸੁਰੱਖਿਆ ਜਵਾਨ ਇੱਕ ਦੂਜੇ ਨੂੰ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਚੁਣੌਤੀ ਦਿੰਦੇ ਹਨ ਅਤੇ ਆਪਣੇ ਹੁਨਰ ਦਾ ਪ੍ਰਦਰਸ਼ਨ ਕਰਦੇ ਹਨ।