ਚੰਡੀਗੜ੍ਹ: ਹੁਣ ਜੇਲ੍ਹਾਂ ਵਿੱਚ ਵੀ ਗੈਂਗਸਟਰ ਸਰਕਾਰ ਲਈ ਸਿਰਦਰਦੀ ਬਣ ਗਏ ਹਨ। ਨਾਭਾ ਤੇ ਲੁਧਿਆਣਾ ਜੇਲ੍ਹਾਂ ਵਿੱਚ ਵਾਪਰੇ ਕਾਂਡ ਮਗਰੋਂ ਸਰਕਾਰ ਜੇਲ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਗੰਭੀਰਤਾ ਨਾਲ ਸੋਚ ਰਹੀ ਹੈ। ਬੇਸ਼ੱਕ ਪੰਜਾਬ ਦੀਆਂ ਕੁਝ ਜੇਲ੍ਹਾਂ ਦੀ ਸੁਰੱਖਿਆ ਕੇਂਦਰੀ ਬਲਾਂ ਨੂੰ ਸੌਂਪੀ ਗਈ ਹੈ ਪਰ ਜੇਲ੍ਹਾਂ ਵਿੱਚ ਗੈਂਗਸਟਰ ਤੇ ਅਪਰਾਧੀਆਂ ਦੀ ਵਧਦੀ ਗਿਣਤੀ ਵੱਡੀ ਸਮੱਸਿਆ ਬਣਦੀ ਜਾ ਰਹੀ ਹੈ।

ਪੁਲਿਸ ਦਾ ਦਾਅਵਾ ਹੈ ਕਿ ਨਾਭਾ ਤੇ ਲੁਧਿਆਣਾ ਜੇਲ੍ਹਾਂ ਵਿੱਚ ਵਾਪਰੇ ਕਾਂਡ ਪਿੱਛੇ ਗੈਂਗਸਟਰ ਤੇ ਅਪਰਾਧੀਆਂ ਕਿਸਮ ਦੇ ਲੋਕਾਂ ਦੀ ਹੀ ਸ਼ਮੂਲੀਅਤ ਸੀ। ਇਸ ਤੋਂ ਇਲਾਵਾ ਜੇਲ੍ਹਾਂ ਵਿੱਚ ਮੋਬਾਈਲ ਫੋਨ ਤੇ ਨਸ਼ਿਆਂ ਦੀ ਸਮੱਸਿਆ ਲਈ ਵੀ ਇਹੀ ਲੋਕ ਜ਼ਿੰਮੇਵਾਰ ਹਨ। ਪੁਲਿਸ ਦੀ ਸਖਤੀ ਮਗਰੋਂ ਪਿਛਲੇ ਸਮੇਂ ਵਿੱਚ ਗੈਂਗਸਟਰਾਂ ਦੀ ਗਿਣਤੀ ਜੇਲ੍ਹਾਂ ਵਿੱਚ ਵਧੀ ਹੈ।

ਪੁਲਿਸ ਮੁਤਾਬਕ ਲੁਧਿਆਣਾ ਕੇਂਦਰੀ ਜੇਲ੍ਹ ਵਿੱਚ ਕੈਦੀਆਂ ਨੂੰ ਗੈਂਗਸਟਰਾਂ ਨੇ ਹੀ ਭੜਕਾਇਆ ਸੀ। ਇਸ ਲਈ ਦੋ ਗੈਂਗਸਟਰ ਕੈਦੀਆਂ ਨੂੰ ਲੁਧਿਆਣਾ ਕੇਂਦਰੀ ਜੇਲ੍ਹ ਵਿੱਚੋਂ ਤਬਦੀਲ ਵੀ ਕੀਤਾ ਗਿਆ ਹੈ। ਬਿੰਨੀ ਗੈਂਗ ਦੇ ਮੈਂਬਰ ਭੁਪਿੰਦਰ ਸਿੰਘ ਉਰਫ਼ ਭਿੰਦਾ ਨੂੰ ਰੋਪੜ ਜੇਲ੍ਹ ਤੇ ਹਰਵਿੰਦਰ ਸਿੰਘ ਉਰਫ਼ ਹਿੰਦਾ ਨੂੰ ਨਾਭਾ ਜੇਲ੍ਹ ਵਿੱਚ ਭੇਜਿਆ ਹੈ। ਜੇਲ੍ਹ ਪ੍ਰਸ਼ਾਸਨ ਨੂੰ ਡਰ ਸੀ ਕਿ ਇਹ ਕੈਦੀ ਇੱਥੇ ਰਹਿ ਕੇ ਫਿਰ ਕੋਈ ਸਾਜ਼ਿਸ਼ ਰਚ ਸਕਦੇ ਹਨ।

ਉਂਝ ਜੇਲ੍ਹਾਂ ਵਿੱਚ ਗੈਂਗਸਟਰ ਪਿਛਲੀ ਅਕਾਲੀ ਬੀਜੇਪੀ ਸਰਕਾਰ ਲਈ ਵੀ ਸਿਰਦਰਦੀ ਬਣੇ ਰਹੇ ਸੀ। ਅਕਾਲੀ-ਭਾਜਪਾ ਸਰਕਾਰ ਸਮੇਂ ਨਾਭਾ ਜੇਲ੍ਹ ਵਿੱਚੋਂ ਵਿੱਕੀ ਗੌਂਡਰ ਸਣੇ ਕਈ ਗੈਂਗਸਟਰ ਫਰਾਰ ਹੋਏ ਸਨ। 2015 ਵਿੱਚ ਬਠਿੰਡਾ ਜੇਲ੍ਹ ਵਿੱਚ ਗੋਲੀ ਚੱਲਣ ਨਾਲ ਦੋ ਕੈਦੀ ਜ਼ਖ਼ਮੀ ਹੋਏ। ਇਸ ਘਟਨਾ ਵਿੱਚ ਅਪਰਾਧੀ ਗੁਰਜੀਤ ਸਿੰਘ ਮਹਿਲ ਕਲਾਂ ਵੀ ਸ਼ਾਮਲ ਸੀ। ਇਸੇ ਤਰ੍ਹਾਂ 2016 ’ਚ ਫਿਰ ਬਠਿੰਡਾ ਜੇਲ੍ਹ ਵਿੱਚ ਹਿੰਸਾ ਹੋਈ। 2011 ਵਿੱਚ ਕਪੂਰਥਲਾ ਜੇਲ੍ਹ ’ਚ ਹਿੰਸਾ ਹੋਈ। ਅੰਮ੍ਰਿਤਸਰ ਜੇਲ੍ਹ ਵਿੱਚ ਤਿੰਨ ਵਾਰ (7 ਜਨਵਰੀ 2008, 31 ਜਨਵਰੀ 2008 ਤੇ 29 ਅਗਸਤ 2008) ਦੰਗੇ ਹੋਏ।

ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਕਹਿਣਾ ਹੈ ਕਿ ਜੇਲ੍ਹਾਂ ਦਾ ਤਾਣਾਬਾਣਾ ਪਿਛਲੇ 10 ਸਾਲ ਸੱਤਾ 'ਤੇ ਕਾਬਜ਼ ਰਹੇ ਅਕਾਲੀ ਦਲ ਨੇ ਵਿਗਾੜਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਦੇ ਸਮੇਂ ਕਾਫੀ ਸੁਧਾਰ ਹੋਇਆ ਹੈ। ਜਿਹੜੀਆਂ ਖਾਮੀਆਂ ਰਹਿ ਗਈਆਂ ਹਨ, ਉਨ੍ਹਾਂ ਨੂੰ ਵੀ ਜਲਦ ਠੀਕ ਕਰ ਦਿੱਤਾ ਜਾਏਗਾ।