Gangwar in Punjab: ਪੰਜਾਬ ਤੋਂ ਸ਼ੁਰੂ ਹੋਈ ਗੈਂਗਵਾਰ ਵਿਦੇਸ਼ਾਂ ਤੱਕ ਪਹੁੰਚ ਗਈ ਹੈ। ਬੰਬੀਹਾ ਗੈਂਗ ਤੇ ਲਾਰੈਂਸ ਬਿਸ਼ਨੋਈ ਗੈਂਗ ਹੁਣ ਵਿਦੇਸ਼ਾਂ ਵਿੱਚ ਆਹਮੋ-ਸਾਹਮਣੇ ਹੋ ਰਹੇ ਹਨ। ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਕਿ ਯੂਕੇ (ਇੰਗਲੈਂਡ) ਵਿੱਚ ਬੰਬੀਹਾ ਗੈਂਗ ਦੇ ਬੰਦਿਆਂ ਨੇ ਲਾਰੈਂਸ ਬਿਸ਼ਨੋਈ ਦੇ ਨਜ਼ਦੀਕੀ ਲੁਧਿਆਣਾ ਨਿਵਾਸੀ ਅਮਨ ਬਨਵੈਤ ਦੀਆਂ ਲਗਜ਼ਰੀ ਗੱਡੀਆਂ ਨੂੰ ਅੱਗ ਲਾ ਦਿੱਤੀ। ਬੰਬੀਹਾ ਗੈਂਗ ਦੇ ਗੈਂਗਸਟਰ ਨੇ ਯੂਕੇ ਵਿੱਚ ਵਾਪਰੀ ਇਸ ਘਟਨਾ ਦੀ ਖੁੱਲ੍ਹੇਆਮ ਜ਼ਿੰਮੇਵਾਰੀ ਲਈ ਹੈ। ਬੰਬੀਹਾ ਗੈਂਗ ਦੇ ਮੈਂਬਰਾਂ ਨੇ ਕਿਹਾ ਹੈ ਕਿ ਜੋ ਕੋਈ ਵੀ ਉਨ੍ਹਾਂ ਦੇ ਦੁਸ਼ਮਣ ਦਾ ਸਾਥ ਦੇਵੇਗਾ, ਉਸ ਦਾ ਇਹੀ ਹਾਲ ਹੋਏਗਾ।
ਦਰਅਸਲ ਅਪਰਾਧ ਜਗਤ ਵਿੱਚ ਚਰਚਾ ਹੈ ਕਿ ਬੰਬੀਹਾ ਗੈਂਗ ਨਾਲ ਜੁੜੇ ਹਰਿਆਣੇ ਦੇ ਗੈਂਗਸਟਰ ਕੌਸ਼ਲ ਚੌਧਰੀ ਦੇ ਬੰਦਿਆਂ ਵੱਲੋਂ ਇੰਗਲੈਂਡ ਦੇ ਇੱਕ ਕਾਰੋਬਾਰੀ ਦੇ ਘਰ 'ਤੇ ਹਮਲਾ ਕੀਤਾ ਗਿਆ ਹੈ। ਕੌਸ਼ਲ ਚੌਧਰੀ ਗੈਂਗ ਨੇ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰਕੇ ਇਸ ਘਟਨਾ ਦੀ ਜ਼ਿੰਮੇਵਾਰੀ ਲਈ ਹੈ।
ਇਹ ਵੀ ਪੜ੍ਹੋ: ਸੀਐਮ ਭਗਵੰਤ ਮਾਨ ਤੋਂ ਵੀ ਨਹੀਂ ਡਰੇ ਗੈਂਗਸਟਰ! ਡੀਜੀਪੀ ਨੇ ਹਾਈਕੋਰਟ 'ਚ ਕੀਤੇ ਵੱਡੇ ਖੁਲਾਸੇ
ਦੱਸ ਦਈਏ ਕਿ ਗੈਂਗਸਟਰ ਕੌਸ਼ਲ ਚੌਧਰੀ ਹਰਿਆਣਾ ਦੇ ਗੁਰੂਗ੍ਰਾਮ ਦਾ ਰਹਿਣ ਵਾਲਾ ਹੈ। ਉਹ ਪੰਜਾਬ ਦੇ ਬੰਬੀਹਾ ਗੈਂਗ ਨਾਲ ਜੁੜਿਆ ਹੋਇਆ ਹੈ। ਦੋਵੇਂ ਗੈਂਗਾਂ ਦੇ ਮੈਂਬਰ ਇੱਕ ਦੂਜੇ ਲਈ ਕੰਮ ਕਰਦੇ ਹਨ। ਸੂਤਰਾਂ ਮੁਤਾਬਕ ਕੌਸ਼ਲ ਚੌਧਰੀ ਗੈਂਗ ਨੇ ਜੱਗੂ ਭਗਵਾਨਪੁਰੀਆ ਤੇ ਲਾਰੈਂਸ ਦੇ ਕਰੀਬੀ ਸੰਦੀਪ ਨੰਗਲ ਅੰਬੀਆਂ ਦਾ ਕਤਲ ਕੀਤਾ ਸੀ। ਇਸ ਦੇ ਨਾਲ ਹੀ ਲਾਰੈਂਸ ਗੈਂਗ ਨੇ ਬੰਬੀਹਾ ਗਰੁੱਪ ਦੇ ਕਰੀਬੀ ਜਾਣੇ ਜਾਂਦੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ।
ਸੋਮਵਾਰ ਨੂੰ ਕੌਸ਼ਲ ਚੌਧਰੀ ਦੇ ਗੈਂਗਸਟਰਾਂ ਨੇ ਇੰਗਲੈਂਡ 'ਚ ਕਾਰੋਬਾਰੀ ਅਮਨ ਬਨਵੈਤ (ਲੁਧਿਆਣਾ) ਦੇ ਘਰ ਦੇ ਬਾਹਰ ਖੜ੍ਹੀਆਂ ਲਗਜ਼ਰੀ ਗੱਡੀਆਂ ਨੂੰ ਅੱਗ ਲਾ ਦਿੱਤੀ ਤੇ ਕਾਫੀ ਭੰਨਤੋੜ ਕੀਤੀ। ਇਹ ਘਟਨਾ ਇੰਗਲੈਂਡ ਦੇ ਵਿਟਲੇ ਕ੍ਰੇਸੈਂਟ ਵਿੱਚ ਵਾਪਰੀ। ਉੱਤਰੀ ਭਾਰਤ ਵਿੱਚ ਗੈਂਗਸਟਰ ਕੌਸ਼ਲ ਖ਼ਿਲਾਫ਼ ਕਤਲ, ਕਤਲ ਦੀ ਕੋਸ਼ਿਸ਼, ਜਬਰੀ ਵਸੂਲੀ, ਲੁੱਟ-ਖੋਹ ਵਰਗੇ ਦਰਜਨਾਂ ਗੰਭੀਰ ਮਾਮਲੇ ਦਰਜ ਹਨ। ਇਨ੍ਹਾਂ ਮਾਮਲਿਆਂ ਵਿੱਚ ਕੌਸ਼ਲ ਖ਼ਿਲਾਫ਼ ਵੱਖ-ਵੱਖ ਅਦਾਲਤਾਂ ਵਿੱਚ ਸੁਣਵਾਈ ਚੱਲ ਰਹੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
ਦੱਸ਼ ਦਈਏ ਕਿ ਪੰਜਾਬ ਦੇ ਗੈਂਗਸਟਰ ਦਵਿੰਦਰ ਬੰਬੀਹਾ ਦੇ ਕਤਲ ਤੋਂ ਬਾਅਦ ਕੌਸ਼ਲ ਚੌਧਰੀ ਗੈਂਗ ਦੀ ਕਮਾਨ ਸੰਭਾਲ ਰਿਹਾ ਹੈ। ਉਹ ਪਹਿਲਾਂ ਵੀ ਪੰਜਾਬ ਵਿੱਚ ਲਾਰੈਂਸ ਦੇ ਕਈ ਸਾਥੀਆਂ ਨੂੰ ਮਾਰ ਚੁੱਕਾ ਹੈ। ਇਸ ਕਾਰਨ ਲਾਰੈਂਸ ਬਿਸ਼ਨੋਈ ਤੇ ਕੌਸ਼ਲ ਚੌਧਰੀ ਇੱਕ-ਦੂਜੇ ਦੇ ਕੱਟੜ ਦੁਸ਼ਮਨ ਹਨ।
ਸੋਸ਼ਲ ਮੀਡੀਆ 'ਤੇ ਗੈਂਗਸਟਰ ਕੌਸ਼ਲ ਚੌਧਰੀ ਦੇ ਨਾਂ 'ਤੇ ਇੱਕ ਪੋਸਟਰ ਪਾਇਆ ਗਿਆ ਤੇ ਲਿਖਿਆ, ਆਪਣੇ ਸਾਰੇ ਭਰਾਵਾਂ ਨੂੰ ਰਾਮ ਰਾਮ। ਅੱਜ ਕੌਸ਼ਲ ਚੌਧਰੀ ਗਰੁੱਪ ਵੱਲੋਂ ਅਮਨ ਬਨਵੈਤ ਦੇ ਇੰਗਲੈਂਡ ਸਥਿਤ ਘਰ ਗੱਡੀਆਂ ਨੂੰ ਅੱਗ ਲਗਾ ਦਿੱਤੀ ਗਈ। ਜੋ ਵੀ ਸਾਡੀ ਵਿਰੋਧੀ ਧਿਰ ਵਿੱਚ ਸ਼ਾਮਲ ਹੋਵੇਗਾ, ਉਸ ਨੂੰ ਭਾਰਤ ਤਾਂ ਛੱਡੋ, ਅਸੀਂ ਬਾਹਰ ਵੀ ਨਹੀਂ ਛੱਡਾਂਗੇ। ਜੈ ਬਾਬਾ।