Gangster in Punjab: ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਵੀ ਗੈਂਗਸਟਰਾਂ ਨੂੰ ਨੱਥ ਨਹੀਂ ਪਾ ਸਕੀ। ਪੰਜਾਬ ਪੁਲਿਸ ਦੀ ਸਖਤੀ ਦੇ ਬਾਵਜੂਦ ਗੈਂਗਸਟਰਾਂ ਨੇ ਆਪਣਾ ਦਬਦਬਾ ਹੋਰ ਵਧਾਇਆ ਹੈ। ਸੂਬੇ ਵਿੱਚ ਕਾਰੋਬਾਰੀਆਂ ਤੇ ਕਲਾਕਾਰਾਂ ਤੋਂ ਫਿਰੌਤੀ ਮੰਗਣ ਦੀਆਂ ਵਾਰਦਾਤਾਂ ਲਗਾਤਾਰ ਵਧ ਰਹੀਆਂ ਹਨ। ਇਹ ਖੁਲਾਸਾ ਡੀਜੀਪੀ ਗੌਰਵ ਯਾਦਵ ਵੱਲੋਂ ਹਾਈ ਕੋਰਟ ਨੂੰ ਦਿੱਤੇ ਗਏ ਅੰਕੜਿਆਂ ਤੋਂ ਹੋਇਆ ਹੈ।
ਇਨ੍ਹਾਂ ਅੰਕੜਿਆਂ ਮੁਤਾਬਕ ਪੰਜਾਬ ਵਿੱਚ ਫਿਰੌਤੀ, ਧਮਕੀਆਂ ਤੇ ਗਵਾਹਾਂ ਨੂੰ ਅਗਵਾ ਕਰਨ ਦੇ ਮਾਮਲੇ ਵਧੇ ਹਨ। ਡੀਜੀਪੀ ਮੁਤਾਬਕ 1 ਜੂਨ, 2022 ਤੋਂ 28 ਫਰਵਰੀ, 2023 ਤੱਕ ਪੰਜਾਬ ਵਿੱਚ ਧਮਕੀਆਂ, ਅਗਵਾ ਤੇ ਫਿਰੌਤੀ ਦੀਆਂ ਕਾਲਾਂ ਸਬੰਧੀ 300 ਐਫਆਈਆਰ ਦਰਜ ਕੀਤੀਆਂ ਗਈਆਂ ਸਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ ਲੁਧਿਆਣਾ 35, ਬਠਿੰਡਾ 28, ਤਰਨ ਤਾਰਨ 17, ਮੋਗਾ 13, ਮੋਹਾਲੀ 13, ਜਲੰਧਰ 26, ਅੰਮ੍ਰਿਤਸਰ 29, ਫਾਜ਼ਿਲਕਾ 13 ਤੇ ਹੁਸ਼ਿਆਰਪੁਰ ਵਿੱਚ 11 ਐਫਆਈਆਰ ਦਰਜ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਪੰਜਾਬ 'ਚ ਝੋਨਾ ਲਾਉਣ 'ਤੇ ਲੱਗੇਗਾ ਬੈਨ! 15 ਡਾਰਕ ਜ਼ੋਨਾਂ 'ਚ ਝੋਨਾ ਨਾ ਲਾਉਣ ਦਾ ਸਿਫਾਰਸ਼
ਇਸ ਤੋਂ ਅੱਗੇ 1 ਮਾਰਚ, 2023 ਤੋਂ 31 ਦਸੰਬਰ, 2023 ਤੱਕ 324 ਐਫਆਈਆਰ ਦਰਜ ਕੀਤੀਆਂ ਗਈਆਂ। ਇਨ੍ਹਾਂ ਵਿੱਚੋਂ ਲੁਧਿਆਣਾ ਵਿੱਚ 26, ਬਠਿੰਡਾ ਵਿੱਚ 34, ਤਰਨ ਤਾਰਨ ਵਿੱਚ 17, ਮੋਗਾ ਵਿੱਚ 23, ਜਲੰਧਰ ਵਿੱਚ 21, ਅੰਮ੍ਰਿਤਸਰ ਵਿੱਚ 34, ਬਟਾਲਾ ਵਿੱਚ 20 ਤੇ ਹੁਸ਼ਿਆਰਪੁਰ ਵਿੱਚ 19 ਐਫਆਈਆਰ ਦਰਜ ਕੀਤੀਆਂ ਗਈਆਂ।
ਇਹ ਵੀ ਪੜ੍ਹੋ: ਪੰਚਾਇਤੀ ਚੋਣਾਂ ਦਾ ਵੱਜਿਆ ਬਿਗੁਲ! ਝੋਨਾ ਵੱਢਣ ਤੋਂ ਪਹਿਲਾਂ ਹੀ ਭਖਿਆ ਮਾਹੌਲ
ਡੀਜੀਪੀ ਗੌਰਵ ਯਾਦਵ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਕੇਂਦਰ ਸਰਕਾਰ ਨੇ ਸਾਲ 2023-24 ਵਿੱਚ ਅਰਸ਼ ਡੱਲਾ, ਹਰਵਿੰਦਰ ਸਿੰਘ ਰਿੰਦਾ, ਲਖਬੀਰ ਸਿੰਘ ਉਰਫ਼ ਲੰਡਾ ਤੇ ਸਤਿੰਦਰ ਸਿੰਘ ਉਰਫ਼ ਗੋਲਡੀ ਬਰਾੜ ਵਰਗੇ ਗੈਂਗਸਟਰਾਂ ਤੇ ਸੰਗਠਿਤ ਅਪਰਾਧ ਵਿੱਚ ਸ਼ਾਮਲ ਵਿਅਕਤੀਆਂ ਨੂੰ ਅੱਤਵਾਦੀ ਐਲਾਨਿਆ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਯਤਨ ਜਾਰੀ ਹਨ।
ਉਨ੍ਹਾਂ ਦਾਅਵਾ ਕੀਤਾ ਹੈ ਕਿ ਹਾਲ ਹੀ ਵਿੱਚ ਸਚਿਨ ਥਾਪਨ ਉਰਫ ਸਚਿਨ ਬਿਸ਼ਨੋਈ, ਵਿਕਰਮਜੀਤ ਸਿੰਘ ਬਰਾੜ ਉਰਫ ਵਿੱਕੀ, ਮਨਦੀਪ ਸਿੰਘ ਤੇ ਮਨਪ੍ਰੀਤ ਉਰਫ ਪੀਤਾ ਨੂੰ ਕੇਂਦਰੀ ਏਜੰਸੀਆਂ ਦੀ ਮਦਦ ਨਾਲ ਅਜ਼ਰਬਾਈਜਾਨ, ਯੂਏਈ ਤੇ ਫਿਲੀਪੀਨਜ਼ ਤੋਂ ਗ੍ਰਿਫਤਾਰ ਕਰਕੇ ਭਾਰਤ ਲਿਆਂਦਾ ਗਿਆ ਹੈ।
ਡੀਜੀਪੀ ਨੇ ਅਦਾਲਤ ਨੂੰ ਦੱਸਿਆ ਹੈ ਕਿ 203 ਅਜਿਹੇ ਸੋਸ਼ਲ ਮੀਡੀਆ ਅਕਾਊਂਟ ਬਲੌਕ ਕੀਤੇ ਗਏ ਹਨ, ਜਿਨ੍ਹਾਂ ਵਿੱਚ ਹਥਿਆਰ ਦਿਖਾਏ ਜਾ ਰਹੇ ਸਨ, ਅਪਰਾਧਾਂ ਦੀ ਵਡਿਆਈ ਕੀਤੀ ਜਾ ਰਹੀ ਸੀ ਜਾਂ ਫਿਰ ਅਪਰਾਧਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਸੀ। ਇਸ ਸਾਲ ਸੋਸ਼ਲ ਮੀਡੀਆ 'ਤੇ ਹਥਿਆਰਾਂ, ਹਿੰਸਾ ਤੇ ਅਪਰਾਧ ਨੂੰ ਉਤਸ਼ਾਹਿਤ ਕਰਨ ਦੇ ਮਾਮਲੇ 'ਚ 201 ਐਫਆਈਆਰ ਦਰਜ ਕੀਤੀਆਂ ਗਈਆਂ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।