ਬਰਨਾਲਾ: ਪੁਲਿਸ ਨੇ ਅੱਜ ਗਾਂਜੇ ਦੀ ਵੱਡੀ ਖੇਪ ਨਾਲ ਪੰਜ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਪੁਲਿਸ ਮੁਤਾਬਕ ਮੁਲਜ਼ਮ 9 ਕੁਇੰਟਲ 10 ਕਿੱਲੋ ਗਾਂਜੇ ਨੂੰ ਟਰੱਕ ਵਿੱਚ ਲੱਦ ਕੇ ਲਿਜਾ ਰਹੇ ਸਨ। ਪੁਲਿਸ ਨੇ ਇਸ ਦੀ ਕੀਮਤ ਤਕਰੀਬਨ 1 ਕਰੋੜ ਦੱਸੀ ਹੈ। ਬਰਨਾਲਾ ਦੇ ਰਹਿਣ ਵਾਲੇ ਮੁਲਜ਼ਮ ਗਿਰੋਹ ਦੇ ਮੁਖੀ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਅਗਰਤਲਾ ਤੋਂ ਤਿੰਨ ਤੋਂ ਚਾਰ ਹਜ਼ਾਰ ਰੁਪਏ ਕਿੱਲੋ ਦੇ ਹਿਸਾਬ ਨਾਲ ਗਾਂਜਾ ਖਰੀਦ ਕੇ ਬਰਨਾਲਾ ਵਿੱਚ ਅੱਠ ਤੋਂ ਨੌਂ ਹਜ਼ਾਰ ਰੁਪਏ ਪ੍ਰਤੀ ਕਿੱਲੋ ਵੇਚਦੇ ਸਨ। ਉਸ ਨੇ ਦੱਸਿਆ ਕਿ ਉਨ੍ਹਾਂ ਦੇ ਮੁੱਖ ਗਾਹਕ ਪ੍ਰਵਾਸੀ ਮਜ਼ਦੂਰ ਸਨ। ਪੁਲਿਸ ਨੂੰ ਇਹ ਕਾਮਯਾਬੀ ਅੱਜ ਸਵੇਰੇ ਸੀ.ਆਈ.ਏ. ਸਟਾਫ ਵੱਲੋਂ ਲਾਏ ਨਾਕੇ ਵਿੱਚ ਇੰਚਾਰਜ ਬਲਜੀਤ ਸਿੰਘ ਨੇ ਟਰੱਕ ਐੱਚ.ਆਰ.-37-ਸੀ-6085 ਨੂੰ ਰੋਕਣ 'ਤੇ ਮਿਲੀ। ਬਰਨਾਲਾ ਦੇ ਪੁਲਿਸ ਕਪਤਾਨ ਨੇ ਦੱਸਿਆ ਕਿ ਟਰੱਕ ਵਿੱਚ 26-26 ਕਿੱਲੋ ਦੀਆਂ 35 ਬੋਰੀਆਂ ਵਿੱਚ ਗਾਂਜਾ ਭਰਿਆ ਹੋਇਆ ਸੀ। ਪੁਲਿਸ ਨੇ ਕੇਸ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।