ਅੰਮ੍ਰਿਤਸਰ: ਭਾਰਤੀ ਜਨਤਾ ਪਾਰਟੀ ਦੀ ਟਿਕਟ 'ਤੇ ਪੂਰਬੀ ਦਿੱਲੀ ਵਿੱਚੋਂ ਚੋਣ ਲੜਨ ਵਾਲੇ ਕ੍ਰਿਕੇਟਰ ਤੋਂ ਨੇਤਾ ਬਣੇ ਗੌਤਮ ਗੰਭੀਰ ਅੱਜ ਅੰਮ੍ਰਿਤਸਰ ਦੇ ਵਿੱਚ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਪੁਰੀ ਦਾ ਚੋਣ ਪ੍ਰਚਾਰ ਕਰਨ ਪੁੱਜੇ, ਪਰ ਵਿੱਚੇ ਹੀ ਛੱਡ ਕੇ ਚਲੇ ਗਏ। ਗਰਮੀ ਦੇ ਕਾਰਨ ਗੌਤਮ ਗੰਭੀਰ ਨੂੰ ਰੋਡ ਸ਼ੋਅ ਵਿਚਾਲੇ ਹੀ ਛੱਡ ਕੇ ਪਰਤਣਾ ਪਿਆ।

ਗੰਭੀਰ ਦੇ ਇਸ ਤਰ੍ਹਾਂ ਰੋਡ ਸ਼ੋਅ ਵਿੱਚੋਂ ਚਲੇ ਜਾਣ ਕਾਰਨ ਉਨ੍ਹਾਂ ਦੇ ਸਮਰਥਕਾਂ ਨੂੰ ਮਾਯੂਸੀ ਝੱਲਣੀ ਪਈ। ਹਾਲਾਂਕਿ ਦੋ ਦਿਨ ਪਹਿਲਾਂ ਵੀ ਗੌਤਮ ਗੰਭੀਰ ਦੇ ਆਪਣੀ ਚੋਣ ਦੌਰਾਨ ਹੀ ਗਰਮੀ ਤੋਂ ਬੇਹਾਲ ਆਉਂਦੀਆਂ ਖ਼ਬਰਾਂ ਆਈਆਂ ਸਨ ਪਰ ਅੱਜ ਗੌਤਮ ਗੰਭੀਰ ਦਾ ਗਰਮੀ ਨੇ ਜ਼ਿਆਦਾ ਬੁਰਾ ਹਾਲ ਕਰ ਦਿੱਤਾ।

ਗੌਤਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਛੇਹਰਟਾ ਸਮੇਤ ਅੰਮ੍ਰਿਤਸਰ ਦੇ ਪੱਛਮੀ ਹਲਕੇ ਦੇ ਬਾਜ਼ਾਰਾਂ ਵਿੱਚ ਰੋਡ ਸ਼ੋਅ ਕਰਨਾ ਸੀ। ਗੰਭੀਰ ਦੇ ਇਸ ਪ੍ਰੋਗਰਾਮ ਲਈ ਦੁਪਹਿਰ ਇੱਕ ਵਜੇ ਤੋਂ ਸ਼ਾਮ ਚਾਰ ਵਜੇ ਤਕ ਦਾ ਸਮਾਂ ਰੱਖਿਆ ਗਿਆ ਸੀ ਪਰ ਗੌਤਮ ਸਿਰਫ ਪੰਦਰਾਂ ਮਿੰਟ ਲਈ ਹੀ ਰੋਡ ਸ਼ੋਅ ਨੂੰ ਜਾਰੀ ਰੱਖ ਸਕੇ।

ਸਾਡਾ ਬਾਜ਼ਾਰ ਵਿੱਚ ਪੁੱਜਦੇ ਹੀ ਗੌਤਮ ਗੰਭੀਰ ਆਪਣੀ ਗੱਡੀ ਵਿੱਚ ਉੱਤਰੇ ਅਤੇ ਪਿਛਲੇ ਪਾਸੇ ਇਨੋਵਾ ਗੱਡੀ 'ਚ ਬੈਠ ਕੇ ਰੋਡ ਸ਼ੋਅ ਵਿੱਚੋਂ ਹੀ ਗੱਡੀ ਮੋੜ ਕੇ ਵਾਪਸ ਪਰਤ ਗਏ। ਅਗਲੇ ਪਾਸੇ ਗੰਭੀਰ ਦੀ ਉਡੀਕ ਕਰ ਰਹੇ ਉਨ੍ਹਾਂ ਦੇ ਸਮਰਥਕ ਦੇਖਦੇ ਹੀ ਰਹਿ ਗਏ।