ਚੰਡੀਗੜ੍ਹ: ਭਾਰਤੀ ਫ਼ੌਜ ਦੇ ਸਾਬਕਾ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਖਡੂਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਲੋਕ ਸਭਾ ਉਮੀਦਵਾਰ ਹਨ। ਉਨ੍ਹਾਂ ਚੰਡੀਗੜ੍ਹ ਵਿੱਚ ਪ੍ਰੈੱਸ ਕਾਨਫਰੰਸ ਕਰ ਸਾਫ ਕੀਤਾ ਕਿ ਉਨ੍ਹਾਂ ਅਕਾਲੀ ਦਲ (ਬਾਦਲ) ਤੋਂ ਕਿਉਂ ਕਿਨਾਰਾ ਕੀਤਾ ਤੇ ਕਿਉਂ ਪਟਿਆਲਾ ਛੱਡਿਆ?
ਟਕਸਾਲੀਆਂ ਨਾਲ ਜੁੜਨ ਮਗਰੋਂ 'ਕੇਸਾਧਾਰੀ' ਵੇਸ਼ਭੂਸ਼ਾ ਵਿੱਚ ਆਏ ਜੇਜੇ ਸਿੰਘ ਨੇ ਦੱਸਿਆ ਕਿ ਅਕਾਲੀ ਦਲ ਨੇ ਪਟਿਆਲਾ ਵਿਧਾਨ ਸਭਾ ਚੋਣਾਂ ਦੌਰਾਨ ਧੋਖਾ ਦਿੱਤਾ ਜਿਸ ਕਰਕੇ ਪਾਰਟੀ ਸਮੇਤ ਹਲਕਾ ਹੀ ਛੱਡ ਦਿੱਤਾ। ਉਨ੍ਹਾਂ ਇਹ ਵੀ ਦੱਸਿਆ ਕਿ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਡਾ. ਧਰਮਵੀਰ ਗਾਂਧੀ ਦੇ ਹੱਕ ਵਿੱਚ ਪ੍ਰਚਾਰ ਕੀਤਾ ਸੀ ਤੇ ਪਟਿਆਲਾ ਹਲਕਾ ਛੱਡਣ ਦਾ ਇਹ ਵੀ ਇੱਕ ਕਾਰਨ ਹੈ।
ਜੇਜੇ ਸਿੰਘ ਨੇ ਪਹਿਲਾਂ ਪੰਜਾਬ ਡੈਮੋਕ੍ਰੈਟਿਕ ਅਲਾਇੰਸ ਦੇ ਉਮੀਦਵਾਰ ਬਣਨ ਦੀ ਇੱਛਾ ਜ਼ਾਹਰ ਕੀਤੀ ਸੀ, ਪਰ ਟਕਸਾਲੀ ਅਕਾਲੀ ਦਲ ਦੇ ਪੀਡੀਏ ਤੋਂ ਵੱਖ ਹੋਣ ਮਗਰੋਂ ਉਹ ਬਾਗ਼ੀ ਅਕਾਲੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਪਾਰਟੀ ਵਿੱਚ ਸ਼ਾਮਲ ਹੋ ਗਏ। ਪੀਡੀਏ ਨਾਲ ਗੱਲਬਾਤ ਸਮੇਂ ਉਨ੍ਹਾਂ ਫ਼ਿਰੋਜ਼ਪੁਰ ਨਾਲ ਜੁੜੇ ਆਪਣੇ ਕਿੱਸੇ ਸੁਣਾ ਕੇ ਖ਼ੁਦ ਨੂੰ ਸਥਾਨਕ ਆਗੂ ਦੱਸਿਆ ਸੀ ਤੇ ਅੱਜ ਉਨ੍ਹਾਂ ਖਡੂਰ ਸਾਹਿਬ ਦੇ ਕਿੱਸੇ ਛੇੜ ਲਏ।
ਜਨਰਲ ਜੇਜੇ ਸਿੰਘ ਨੇ ਖਡੂਰ ਸਾਹਿਬ ਨਾਲ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਬਤੌਰ ਫ਼ੌਜ ਅਧਿਕਾਰੀ ਖਡੂਰ ਸਾਹਿਬ ਦੇ ਸਰਹੱਦੀ ਪਿੰਡਾਂ 'ਚ ਬੰਕਰ ਬਣਾਉਂਦੇ ਹੋਏ ਲੋਕਾਂ ਨਾਲ ਵਿਚਰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਉਨ੍ਹਾਂ ਲੋਕਾਂ ਤੋਂ ਸਿਆਸਤਦਾਨ ਦੀ ਹੈਸੀਅਤ ਨਾਲ ਵੋਟਾਂ ਮੰਗਣ ਲਈ ਜਾ ਰਿਹਾ ਹਾਂ। ਉਨ੍ਹਾਂ ਨੂੰ ਯਕੀਨ ਹੈ ਕਿ ਲੋਕਾਂ ਦਾ ਪਿਆਰ ਉਨ੍ਹਾਂ ਨੂੰ ਲੋਕ ਸਭਾ ਦੀਆਂ ਚੋਣਾਂ ਜ਼ਰੂਰ ਜਿਤਵਾਏਗਾ।
ਪਾਕਿਸਤਾਨ ਸਥਿਤ ਦਹਿਸ਼ਤੀ ਟਿਕਾਣਿਆਂ 'ਤੇ ਭਾਰਤੀ ਹਵਾਈ ਫ਼ੌਜ ਦੀ ਗ਼ੈਰ ਫ਼ੌਜੀ ਕਾਰਵਾਈ 'ਤੇ ਉਨ੍ਹਾਂ ਕਿਹਾ ਕਿ ਭਾਜਪਾ ਤੇ ਕਾਂਗਰਸ ਏਅਰ ਸਟ੍ਰਾਈਕ 'ਤੇ ਸਿਆਸਤ ਕਰ ਰਹੀਆਂ ਹਨ। ਉਨ੍ਹਾਂ ਕਿਸੇ ਵੀ ਸਿਆਸੀ ਪਾਰਟੀ ਨੂੰ ਫ਼ੌਜ ਦੇ ਆਪ੍ਰੇਸ਼ਨ ਦਾ ਸਿਆਸੀਕਰਨ ਕਰਨ ਤੋਂ ਵਰਜਿਆ।