ਨਵੀਂ ਦਿੱਲੀ: ਸਾਬਕਾ ਫ਼ੌਜ ਮੁਖੀ ਜਨਰਲ (ਸੇਵਾਮੁਕਤ) ਜੇਜੇ ਸਿੰਘ ਨੇ 2019 ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਫ਼ਿਰੋਜ਼ਪੁਰ ਹਲਕੇ ਤੋਂ ਆਪਣੀ ਕਿਸਮਤ ਅਜ਼ਮਾਉਣਗੇ। ਜੇਜੇ ਸਿੰਘ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਪੰਜਾਬ ਡੈਮੋਕ੍ਰੈਟਿਕ ਫਰੰਟ ਵਿੱਚ ਸ਼ਾਮਲ ਹੋ ਚੁੱਕੇ ਹਨ ਤੇ ਉਨ੍ਹਾਂ ਸਹਿਯੋਗੀ ਪਾਰਟੀਆਂ ਨੂੰ ਆਪਣੀ ਇੱਛਾ ਵੀ ਜ਼ਾਹਰ ਕਰ ਦਿੱਤੀ ਹੈ। ਇਸ ਪ੍ਰਗਟਾਵੇ ਦੇ ਨਾਲ ਹੀ ਉਨ੍ਹਾਂ ਆਪਣੇ ਸਾਬਕਾ ਲੀਡਰ ਦੀ ਕਾਰਜਕੁਸ਼ਲਤਾ 'ਤੇ ਵੀ ਸਵਾਲ ਚੁੱਕੇ।

ਵੀਰਵਾਰ ਨੂੰ ਦਿੱਲੀ ਵਿੱਚ ਫ਼ਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜਨ ਲਈ ਆਪਣੀ ਦਾਅਵੇਦਾਰੀ ਪੇਸ਼ ਕਰਨ ਸਮੇਂ ਉਨ੍ਹਾਂ ਖ਼ੁਦ ਹਲਕੇ ਦਾ ਪੁਰਾਣਾ ਵਾਕਿਫ਼ ਦਰਸਾਇਆ। ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਜੇਜੇ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿਤਾ ਫ਼ਿਰੋਜ਼ਪੁਰ ਵਿੱਚ ਲੰਮਾਂ ਸਮਾਂ ਤਾਇਨਾਤ ਰਹਿ ਚੁੱਕੇ ਹਨ ਤੇ ਉਹ ਖ਼ੁਦ ਵੀ ਪਠਾਨਕੋਟ ਤੋਂ ਫ਼ਿਰੋਜ਼ਪੁਰ ਤਕ ਦੇਸ਼ ਦੀ ਕੌਮਾਂਤਰੀ ਸਰਹੱਦ ਦੀ ਰਾਖੀ ਕਰ ਚੁੱਕੇ ਹਨ।

ਪਟਿਆਲਾ ਤੋਂ ਮੁੜ ਚੋਣ ਨਾ ਲੜਨ ਦੇ ਸਵਾਲਾਂ ਦਾ ਸਪੱਸ਼ਟੀਕਰਨ ਦਿੰਦਿਆਂ ਜੇਜੇ ਸਿੰਘ ਨੇ ਕਿਹਾ ਕਿ ਉੱਥੇ ਬਰਾਬਰ ਦਾ ਮੁਕਾਬਲਾ ਨਹੀਂ ਸੀ ਤੇ ਉਹ ਖ਼ੁਦ ਨੂੰ ਠੱਗਿਆ ਗਿਆ ਮਹਿਸੂਸ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੌਜੂਦਾ ਸਿਆਸੀ ਮਾਹੌਲ ਸੁਧਾਰਨ ਲਈ ਤੁਰੰਤ ਕਾਰਵਾਈ ਦੀ ਲੋੜ ਹੈ। ਸਾਬਕਾ ਫ਼ੌਜ ਮੁਖੀ ਨੇ ਸੁਖਬੀਰ ਬਾਦਲ ਦਾ ਨਾਂ ਲਏ ਬਗ਼ੈਰ ਕਿਹਾ ਕਿ ਉਹ ਅਕਾਲੀ ਦਲ ਵਿੱਚ ਰਹਿੰਦਿਆਂ ਵੀ ਸਿਆਸੀ ਸੁਧਾਰ ਲਿਆ ਸਕਦੇ ਸਨ, ਪਰ ਸਿਖਰਲੀ ਲੀਡਰਸ਼ਿਪ ਸਿਧਾਂਤਾਂ ਦੀ ਬੇਹੱਦ ਕਮੀ ਹੈ।

ਉਨ੍ਹਾਂ ਕਾਂਗਰਸ ਸਰਕਾਰ ਨੂੰ ਵੀ ਸੂਬੇ ਲਈ ਵਿਨਾਸ਼ਕਾਰੀ ਦੱਸਿਆ ਅਤੇ ਆਮ ਆਦਮੀ ਪਾਰਟੀ ਨੂੰ ਵੀ ਆਪਣੇ ਰਸਤੇ ਤੋਂ ਭਟਕੀ ਹੋਈ ਕਰਾਰ ਦਿੱਤਾ। ਜ਼ਿਕਰਯੋਗ ਹੈ ਕਿ ਫ਼ਿਰੋਜ਼ਪੁਰ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ 'ਤੇ ਸ਼ੇਰ ਸਿੰਘ ਘੁਬਾਇਆ ਸੰਸਦ ਮੈਂਬਰ ਹਨ। ਪਰ 2017 ਦੀਆਂ ਚੋਣਾਂ ਦੌਰਾਨ ਪੁੱਤਰ ਨੂੰ ਪਾਰਟੀ ਵੱਲੋਂ ਟਿਕਟ ਨਾ ਦਿੱਤੇ ਜਾਣ 'ਤੇ ਉਨ੍ਹਾਂ ਖ਼ੁਦ ਨੂੰ ਪਾਰਟੀ ਤੋਂ ਪਰ੍ਹੇ ਕਰ ਲਿਆ ਸੀ ਤੇ ਉਨ੍ਹਾਂ ਦਾ ਪੁੱਤਰ ਕਾਂਗਰਸ ਦੀ ਟਿਕਟ ਤੋਂ ਵਿਧਾਇਕ ਚੁਣਿਆ ਗਿਆ। ਪਿੱਛੇ ਜਿਹੇ ਅਕਾਲੀ ਦਲ ਨੇ ਵੀ ਘੁਬਾਇਆ ਨੂੰ ਟਿਕਟ ਨਾ ਦੇਣ ਦਾ ਐਲਾਨ ਕੀਤਾ ਸੀ।