ਚੰਡੀਗੜ੍ਹ: ਜੱਸੀ ਕਤਲ ਕੇਸ 'ਚ ਕੈਨੇਡਾ ਤੋਂ ਭਾਰਤ ਭੇਜੇ ਮਲਕੀਤ ਕੌਰ ਸਿੱਧੂ ਤੇ ਸੁਰਜੀਤ ਸਿੰਘ ਬਦੇਸ਼ਾ ਨੂੰ ਸੰਗਰੂਰ ਪੁਲਿਸ ਨੇ ਨਵੀਂ ਦਿੱਲੀ ਹਵਾਈ ਅੱਡੇ 'ਤੇ ਰਾਇਲ ਕੈਨੇਡੀਅਨ ਪੁਲਿਸ ਤੋਂ ਆਪਣੀ ਹਿਰਾਸਤ 'ਚ ਲੈ ਲਿਆ। ਐਸਪੀ ਇਨਵੈਸਟੀਗੇਸ਼ਨਜ਼ ਗੁਰਮੀਤ ਸਿੰਘ ਤੇ ਡੀਐਸਪੀ ਦੀ ਅਗਵਾਈ ਵਾਲੀ ਪੁਲਿਸ ਟੀਮ ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰ ਰਹੀ ਹੈ। ਦੋਵੇਂ ਮੁਲਜ਼ਮ ਵੀਰਵਾਰ ਸ਼ਾਮ ਨੂੰ ਸੰਗਰੂਰ ਦੀ ਅਦਾਲਤ ‘ਚ ਪੇਸ਼ ਕੀਤੇ ਜਾਣਗੇ।

ਦੋਵਾਂ ਨੂੰ ਬੁੱਧਵਾਰ ਰਾਤ ਜੱਸੀ ਦੇ ਕਤਲ ਕੇਸ ਵਿੱਚ 19 ਸਾਲ ਬਾਅਦ ਕੈਨੇਡਾ ਨੇ ਭਾਰਤ ਦੇ ਸਪੁਰਦ ਕੀਤਾ। ਇਸ ਤੋਂ ਪਹਿਲਾਂ ਵੀ ਪੰਜਾਬ ਪੁਲਿਸ ਨੇ ਸਤੰਬਰ 2017 ‘ਚ ਦੋਵਾਂ ਦੀ ਹਵਾਲਗੀ ਦੀ ਕੋਸ਼ਿਸ਼ ਕੀਤੀ ਪਰ ਉਹ ਆਪਣੀ ਸਪੁਰਦਗੀ ਨੂੰ ਰੋਕਣ ‘ਚ ਸਫ਼ਲ ਹੋ ਗਏ ਸੀ।

ਜੱਸੀ ਨੇ 1999 'ਚ ਕੈਨੇਡਾ ਤੋਂ ਆ ਕੇ ਆਪਣੇ ਪ੍ਰੇਮੀ ਸੁਖਵਿੰਦਰ ਸਿੰਘ (ਮਿੱਠੂ) ਨਾਲ ਵਿਆਹ ਕਰ ਲਿਆ ਸੀ। ਇਸ ਤੋਂ ਬਾਅਦ ਜੱਸੀ ਦੀ ਮਾਂ ਤੇ ਮਾਮੇ ਨੇ ਦੋਵਾਂ 'ਤੇ ਹਮਲੇ ਦੀ ਸ਼ਾਜਿਸ ਰਚੀ ਸੀ। ਇਸ ਹਮਲੇ 'ਚ ਜੱਸੀ ਤਾਂ ਨਹੀਂ ਬਚੀ ਪਰ ਮਿੱਠੂ ਬਚ ਗਿਆ। ਉਸ ਨੇ ਇਸ ਦੇ ਦੋਸ਼ੀਆਂ ਨੂੰ ਸਜ਼ਾ ਦੁਵਾਉਣ ਦਾ ਫੈਸਲਾ ਲਿਆ। ਮਲਕੀਅਤ ਜੱਸੀ ਦੀ ਮਾਂ ਹੈ ਜਦੋਂਕਿ ਬਦੇਸ਼ਾ ਉਸ ਦੇ ਮਾਮੇ ਹਨ।

ਇਸ ਤੋਂ ਬਾਅਦ ਜੱਸੀ ਦੇ ਪਤੀ ਸੁਖਵਿੰਦਰ ਸਿੰਘ ਮਿੱਠੂ ਨੇ ਕੈਨੇਡੀਅਨ ਸਰਕਾਰ ਦਾ ਧੰਨਵਾਦ ਕੀਤਾ ਤੇ ਆਸ ਕੀਤੀ ਕੀ ਉਨ੍ਹਾਂ ਨੂੰ ਨਿਆਂ ਜ਼ਰੂਰ ਮਿਲੇਗਾ। ਮਿੱਠੂ ਨੇ ਕਿਹਾ, "19 ਸਾਲ ਹੋ ਗਿਆ ਹਨ, ਮੇਰੀ ਉਮੀਦ ਖ਼ਤਮ ਹੋ ਗਈ ਸੀ। ਮੈਂ ਜੱਸੀ ਦੀ ਮਾਂ ਦਾ ਮੁਕਾਬਲਾ ਕਰਨਾ ਚਾਹੁੰਦਾ ਹਾਂ ਤੇ ਉਸ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਸਾਡਾ ਪਿਆਰ ਇੰਨਾ ਵੱਡਾ ਅਪਰਾਧ ਸੀ। ਮੇਰੇ ਵਿਰੁੱਧ ਇੱਕ ਝੂਠਾ ਕੇਸ ਦਰਜ ਕੀਤਾ ਗਿਆ ਸੀ ਤੇ ਮੈਂ ਨਿਆਂ ਦੀ ਪੈਰਵੀ ਲਈ ਤਿੰਨ ਸਾਲ ਜੇਲ੍ਹ ਵਿੱਚ ਬਿਤਾਇਆ।”