ਅੰਮ੍ਰਿਤਸਰ: ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਕੱਲ੍ਹ ਬੰਦੀ ਛੋੜ ਦਿਵਸ ਮੌਕੇ ਮੁਤਵਾਜ਼ੀ ਜਥੇਦਾਰਾਂ ਵੱਲੋਂ ਹਰਿਮੰਦਰ ਸਾਹਿਬ ਵਿੱਚ ਸੰਦੇਸ਼ ਦੇਣ ਜਾਂ ਫਿਰ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੇ ਸਰਕਾਰ ਜ਼ਿੰਮੇਵਾਰ ਹੋਵੇਗੀ। ਉਨ੍ਹਾਂ ਕਿਹਾ ਕਿ ਬੰਦੀ-ਛੋੜ ਦਿਵਸ ਦਾ ਇਤਿਹਾਸਕ ਦਿਹਾੜਾ ਮਨਾਉਣ ਵਾਸਤੇ ਦੇਸ਼-ਵਿਦੇਸ਼ ਤੋਂ ਸੰਗਤਾਂ ਵੱਡੀ ਗਿਣਤੀ ਵਿੱਚ ਪਹੁੰਚ ਰਹੀਆਂ ਹਨ ਤੇ ਸੰਗਤਾਂ ਦੀ ਰਿਹਾਇਸ਼ ਤੇ ਲੰਗਰ ਆਦਿ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾਂਦਾ ਹੈ। ਅੱਜ ਅਖ਼ਬਾਰਾਂ ਦੀ ਖ਼ਬਰ ਪੜਨ 'ਤੇ ਪਤਾ ਲੱਗਾ ਹੈ ਕਿ ਆਪੋ ਬਣੇ ਜਥੇਦਾਰ ਬੰਦੀ-ਛੋੜ ਦਿਵਸ ਉੱਤੇ ਸੰਦੇਸ਼ ਦੇਣਾ ਚਾਹੁੰਦੇ ਹਨ ਜੋ ਪੰਥਕ ਮਰਿਯਾਦਾ ਦੀ ਉਲੰਘਣਾ ਹੈ। ਬੰਦੀ-ਛੋੜ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਪੰਥਕ ਰਵਾਇਤ ਅਨੁਸਾਰ ਉਨ੍ਹਾਂ ਵੱਲੋਂ ਨਿਯੁਕਤ ਕੀਤੇ ਪੰਥ ਪ੍ਰਵਾਨਿਤ ਜਥੇਦਾਰ ਹੀ ਸੰਗਤਾਂ ਨੂੰ ਬੰਦੀ-ਛੋੜ ਦਿਵਸ ਮੌਕੇ ਸੰਦੇਸ਼ ਦਿੰਦੇ ਹਨ। ਜਥੇਦਾਰ ਨੇ ਕਿਹਾ ਕਿ ਅੱਜ ਕੁਝ ਨਾਮ-ਨਿਹਾਦ ਲੋਕ ਸੰਗਤਾਂ ਵਿੱਚ ਅਸ਼ਾਂਤੀ ਫੈਲਾਉਣ ਤੇ ਮਹੌਲ ਨੂੰ ਖਰਾਬ ਕਰਨ ਵਾਸਤੇ ਕੁਝ ਸਮੇਂ ਤੋਂ ਐਸੀਆਂ ਕਾਰਵਾਈਆਂ ਕਰ ਰਹੇ ਹਨ। ਇਸ ਗੱਲ ਨੂੰ ਧਿਆਨ ਵਿਚ ਰੱਖਦਿਆਂ ਮੌਜੂਦਾ ਕਾਂਗਰਸ ਸਰਕਾਰ ਇਸ 'ਤੇ ਸਖ਼ਤੀ ਨਾਲ ਪੇਸ਼ ਆਵੇ, ਜਿਸ ਨਾਲ ਹੋ ਰਹੇ ਸਮਾਗਮ ਵਿੱਚ ਕਿਸੇ ਨੂੰ ਮਹੌਲ ਖਰਾਬ ਕਰਨ ਦੀ ਆਗਿਆ ਨਾ ਦਿੱਤੀ ਜਾਵੇ। ਜੇਕਰ ਕੋਈ ਅਣਸੁਖਾਵੀਂ ਜਾਂ ਮਾਹੌਲ ਨੂੰ ਵਿਗਾੜਨ ਲਈ ਕੋਈ ਐਸੀ ਘਟਨਾ ਵਾਪਰਦੀ ਹੈ ਤਾਂ ਇਹ ਸਮਝਿਆ ਜਾਵੇਗਾ ਕਿ ਇਹ ਕਾਂਗਰਸ ਸਰਕਾਰ ਪੰਥਕ ਮਰਿਯਾਦਾ ਤੇ ਪੰਥਕ ਸੰਸਥਾਵਾਂ ਦਾ ਘਾਣ ਕਰਨ 'ਤੇ ਤੁਲੀ ਹੋਈ ਹੈ।