ਸਮਾਗਮ ਦੌਰਾਨ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦੀ ਰਸਮ ਸ਼ੁਰੂ ਹੋਈ ਤਾਂ ਉਸ ਵੇਲੇ ਬੇਅੰਤ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸਿਰੋਪਾਓ ਪ੍ਰਾਪਤ ਕਰਨ ਲਈ ਸੱਦਾ ਦਿੱਤਾ ਗਿਆ, ਪਰ ਪਰਿਵਾਰ ਵਿੱਚੋਂ ਕੋਈ ਵੀ ਹਾਜ਼ਰ ਨਹੀਂ ਸੀ। ਇਸ ਮੌਕੇ ਦਲ ਖ਼ਾਲਸਾ ਦੇ ਆਗੂ ਕੰਵਰਪਾਲ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਜਰਨੈਲ ਸਿੰਘ ਸਖੀਰਾ ਨੂੰ ਬੇਅੰਤ ਸਿੰਘ ਦੇ ਪਰਿਵਾਰ ਦੇ ਆਧਾਰ ’ਤੇ ਸਿਰੋਪਾਓ ਪ੍ਰਾਪਤ ਕਰਨ ਲਈ ਸੱਦਿਆ ਗਿਆ। ਪਰ ਦੋਵਾਂ ਆਗੂਆਂ ਨੇ ਇਹ ਕਹਿ ਕੇ ਸਨਮਾਨ ਹਾਸਲ ਕਰਨ ਤੋਂ ਇਨਕਾਰ ਕਰ ਦਿੱਤਾ ਕਿ ਉਹ ਇੱਕ ਧਿਰ ਵੱਲੋਂ ਥਾਪੇ ਜਥੇਦਾਰ ਨੂੰ ਮਾਨਤਾ ਨਹੀਂ ਦਿੰਦੇ ਹਨ। ਇੰਨਾ ਕਹਿ ਕੇ ਦੋਵੇਂ ਆਗੂ ਸਮਾਗਮ ਵਿੱਚੋਂ ਵਾਪਸ ਆ ਗਏ।
ਕੰਵਰਪਾਲ ਸਿੰਘ ਨੇ ਕਿਹਾ ਕਿ ਉਹ ਜਥੇਦਾਰ ਦੇ ਨਹੀਂ ਬਲਕਿ ਉਸ ਸਿਸਟਮ ਖਿਲਾਫ਼ ਹਨ, ਜੋ ਅਕਾਲ ਤਖ਼ਤ ਦੀ ਦੁਰਵਰਤੋਂ ਕਰ ਰਿਹਾ ਹੈ। ਇਹ ਰੁਝਾਨ ਬੰਦ ਹੋਣਾ ਚਾਹੀਦਾ ਹੈ। ਸਖੀਰਾ ਨੇ ਕਿਹਾ ਕਿ ਉਨ੍ਹਾਂ ਦੀ ਜਥੇਬੰਦੀ ਪਹਿਲਾਂ ਹੀ ਮੌਜੂਦਾ ਜਥੇਦਾਰਾਂ ਨੂੰ ਰੱਦ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜੇਕਰ ਅੱਜ ਦੇ ਸਮਾਗਮ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਸੰਬੋਧਨ ਕਰਦੇ ਤਾਂ ਵੀ ਉਨ੍ਹਾਂ ਵਿਰੋਧ ਵਜੋਂ ਸਮਾਗਮ ਛੱਡਣ ਦਾ ਫੈਸਲਾ ਕੀਤਾ ਹੋਇਆ ਸੀ।