ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਿਆਸੀ ਪਾਰਟੀਆਂ ਨੂੰ ਡੇਰਾ ਸਿਰਸਾ ਨਾਲ ਕਿਸੇ ਵੀ ਕਿਸਮ ਦਾ ਸਬੰਧ ਨਾ ਰੱਖਣ ਸਬੰਧੀ ਜਾਰੀ ਹੁਕਮਾਂ ਦੀ ਹਰ ਹਾਲਤ ਵਿੱਚ ਪਾਲਣਾ ਕਰਨ ਦੀ ਤਾੜਨਾ ਕੀਤੀ ਹੈ। ਗਿਆਨੀ ਹਰਪ੍ਰੀਤ ਸਿੰਘ ਨੇ ਇਹ ਤਾੜਨਾ ਆਉਂਦੀਆਂ ਲੋਕ ਸਭਾ ਚੋਣਾਂ ਲਈ ਡੇਰਾ ਸਿਰਸਾ ਦੀ ਸਹਾਇਤਾ ਦੀ 'ਝਾਕ' ਰੱਖ ਰਹੇ ਸਿਆਸੀ ਲੀਡਰਾਂ ਨੂੰ ਕੀਤੀ ਹੈ।
ਹਾਲਾਂਕਿ, ਸੱਤਾਧਾਰੀ ਕਾਂਗਰਸ ਪਾਰਟੀ ਪਹਿਲਾਂ ਹੀ ਡੇਰਾ ਸਿਰਸਾ ਤੋਂ ਚੋਣਾਂ ਵਿੱਚ ਕਿਸੇ ਕਿਸਮ ਦੀ ਮਦਦ ਨਾ ਲੈਣ ਦਾ ਐਲਾਨ ਕਰ ਚੁੱਕੀ ਹੈ। ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਕਿਹਾ ਸੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਹੀ ਚੱਲਿਆ ਜਾਏਗਾ। ਜਦਕਿ, ਪਿਛਲੇ ਦਿਨੀਂ ਮਹਿਲਾ ਅਕਾਲੀ ਦਲ ਦੀ ਪ੍ਰਧਾਨ ਜਗੀਰ ਕੌਰ ਨੇ ਕਿਹਾ ਸੀ ਕਿ ਡੇਰੇ ਸਿਰਸੇ ਦੇ ਸਮਰਥਨ ਬਾਰੇ ਫੈਸਲਾ ਸੁਖਬੀਰ ਨੇ ਕਰੇਗਾ। ਉੱਧਰ, ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾਈ ਨੇਤਾ ਨਿਤਿਨ ਗਡਕਰੀ ਨੇ ਚੋਣਾਂ ਤੋਂ ਪਹਿਲਾਂ ਡੇਰਾ ਬਿਆਸ ਤੋਂ 'ਆਸ਼ੀਰਵਾਦ' ਲੈਣ ਪੁੱਜੇ ਸਨ।
'ਏਬੀਪੀ ਸਾਂਝਾ' ਨਾਲ ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਕਾਲ ਤਖ਼ਤ ਸਾਹਿਬ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਤਰਜਮਾਨ ਹੈ ਤੇ ਭਵਿੱਖ ਵਿੱਚ ਕੋਈ ਫੈਸਲਾ ਕੌਮੀ ਭਾਵਨਾਵਾਂ ਦੇ ਮੱਦੇਨਜ਼ਰ ਹੀ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਵੱਲੋਂ ਇਹ ਹੁਕਮਨਾਮਾ ਜਾਰੀ ਹੈ, ਇਸ ਲਈ ਡੇਰਾ ਸਿਰਸਾ ਨਾਲ ਕਿਸੇ ਕਿਸਮ ਦੀ ਸਾਂਝ ਜਾਂ ਸਹਾਇਤਾ ਪ੍ਰਾਪਤ ਕਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ।