ਚੰਡੀਗੜ੍ਹ: ਤਖ਼ਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੋ ਵਿਆਹਾਂ ਦੇ ਮਾਮਲੇ ਵਿੱਚ ਘਿਰਦੇ ਜਾ ਰਹੇ ਹਨ। ਉਨ੍ਹਾਂ ਦੀ ਦੂਜੀ ਪਤਨੀ ਬਲਜੀਤ ਕੌਰ ਨੇ ਸ੍ਰੀ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕੋਲ ਸ਼ਿਕਾਇਤ ਭੇਜੀ ਹੈ। ਇਸ ਸ਼ਿਕਾਇਤ ਵਿੱਚ ਗੰਭੀਰ ਇਲਜ਼ਾਮ ਲਾਏ ਗਏ ਹਨ।


ਇਸ ਬਾਰੇ ਗਿਆਨੀ ਹਰਪ੍ਰੀਤ ਸਿੰਘ ਨੇ ਆਖਿਆ ਕਿ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵੇਲੇ ਵਿਚਾਰਿਆ ਜਾਵੇਗਾ। ਗਿਆਨੀ ਇਕਬਾਲ ਸਿੰਘ ਖਿਲਾਫ ਇਹ ਦੂਜੀ ਸ਼ਿਕਾਇਤ ਹੈ। ਇਸ ਤੋਂ ਕੁਝ ਦਿਨ ਪਹਿਲਾਂ ਵੀ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਕਮੇਟੀ ਦੇ ਮੈਂਬਰ ਕਮਿਕਰ ਸਿੰਘ ਨੇ ਵੀ ਅਕਾਲ ਤਖਤ ਵਿਖੇ ਪੱਤਰ ਸੌਂਪ ਕੇ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਗੰਭੀਰ ਦੋਸ਼ ਲਾ ਕੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਦੀ ਮੰਗ ਕੀਤੀ ਸੀ।

ਬੀਬੀ ਬਲਜੀਤ ਕੌਰ ਵੱਲੋਂ ਸ਼ਨੀਵਾਰ ਨੂੰ ਕੁਝ ਬੀਬੀਆਂ ਨੇ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ’ਚ ਸ਼ਿਕਾਇਤ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਵੀ ਕੀਤੀ। ਉਨ੍ਹਾਂ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਵਧੀਕੀਆਂ ਦੇ ਦੋਸ਼ ਲਾਉਂਦਿਆਂ ਕਾਰਵਾਈ ਦੀ ਮੰਗ ਕੀਤੀ। ਇਹ ਪੱਤਰ ਸੌਂਪਣ ਵਾਲੀਆਂ ਬੀਬੀਆਂ ਵਿੱਚ ਸੁਰਬੀਰ ਕੌਰ, ਇੰਦਰਜੀਤ ਕੌਰ, ਰਵਿੰਦਰ ਕੌਰ, ਗੁਰਚਰਨ ਕੌਰ, ਮਨਜੀਤ ਕੌਰ, ਬਲਵਿੰਦਰ ਕੌਰ ਸ਼ਾਮਲ ਸਨ।


ਉਨ੍ਹਾਂ ਦੱਸਿਆ ਕਿ ਇਹ ਸ਼ਿਕਾਇਤ ਪੱਤਰ ਲੈ ਕੇ ਬੀਬੀ ਬਲਜੀਤ ਕੌਰ ਨੇ ਖੁਦ ਆਉਣਾ ਸੀ ਪਰ ਉਨ੍ਹਾਂ ਦੀ ਸਿਹਤ ਠੀਕ ਨਹੀਂ। ਇਸ ਲਈ ਬੀਬੀਆਂ ਦੇ ਵਫਦ ਨੇ ਇਹ ਪੱਤਰ ਅਕਾਲ ਤਖ਼ਤ ਦੇ ਜਥੇਦਾਰ ਨੂੰ ਸੌਂਪਿਆ ਹੈ। ਇਸ ਪੱਤਰ ਵਿੱਚ ਜਥੇਦਾਰ ਦੀ ਦੂਜੀ ਪਤਨੀ ਬਲਜੀਤ ਕੌਰ ਨੇ ਦੋਸ਼ ਲਾਇਆ ਕਿ ਉਸ ਨੂੰ ਧੋਖੇ ਵਿੱਚ ਰੱਖ ਕੇ ਵਿਆਹ ਕੀਤਾ ਗਿਆ ਹੈ।

ਇਸ ਪੱਤਰ ਵਿੱਚ ਉਸ ਨੇ ਲਿਖਿਆ ਕਿ ਵਿਆਹ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਜਥੇਦਾਰ ਦੀ ਪਹਿਲੀ ਪਤਨੀ ਦਾ ਦੇਹਾਂਤ ਹੋ ਚੁੱਕਾ ਹੈ ਜਦਕਿ ਅਜਿਹਾ ਨਹੀਂ ਸੀ। ਉਸ ਨੇ ਆਪਣੇ ਨਾਲ ਹੋਰ ਵਧੀਕੀਆਂ ਕੀਤੇ ਜਾਣ ਤੇ ਅਣਮਨੁੱਖੀ ਵਤੀਰਾ ਅਪਨਾਉਣ ਦੇ ਦੋਸ਼ ਵੀ ਲਾਏ ਹਨ। ਉਸ ਨੇ ਗਿਆਨੀ ਇਕਬਾਲ ਸਿੰਘ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਸ ਨੇ ਇਹ ਵੀ ਦੋਸ਼ ਲਾਇਆ ਕਿ ਅਦਾਲਤ ਵੱਲੋਂ ਉਸ ਦਾ ਅੱਠ ਹਜ਼ਾਰ ਰੁਪਏ ਖਰਚਾ ਬੰਨ੍ਹਿਆ ਗਿਆ ਸੀ ਪਰ ਇਹ ਖਰਚਾ ਉਸ ਨੂੰ ਨਹੀਂ ਮਿਲ ਰਿਹਾ ਹੈ।

ਇਸ ਬਾਰੇ ਗਿਆਨੀ ਇਕਬਾਲ ਸਿੰਘ ਨੇ ਸ਼ਿਕਾਇਤ ਪੱਤਰ ’ਚ ਲਾਏ ਦੋਸ਼ਾਂ ਨੂੰ ਰੱਦ ਕਰਦਿਆਂ ਆਖਿਆ ਕਿ ਬਲਜੀਤ ਕੌਰ ਵੱਲੋਂ ਇਸ ਸਬੰਧੀ ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਸੀ, ਜੋ 2018 ਵਿੱਚ ਖਾਰਜ ਹੋ ਗਿਆ ਹੈ ਤੇ ਹੁਣ ਉਸ ਨਾਲ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਉਸ ਖ਼ਿਲਾਫ਼ ਸਾਜ਼ਿਸ਼ ਤਹਿਤ ਅਜਿਹਾ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ।