Punjab News: ਪੁਲਿਸ ਨੇ ਮੰਨਿਆ ਹੈ ਕਿ ਵਿਸਾਖੀ ਮੌਕੇ ਅਨੰਦਪੁਰ ਸਹਿਬ ਵਿੱਚ ਪੁਲਿਸ ਦੀ ਨਫਰੀ ਵਧਾਈ ਹੈ। ਰੂਪਨਗਰ ਦੇ ਐਸਐਸਪੀ ਵਿਵੇਕਸ਼ੀਲ ਸੋਨੀ ਕਿਹਾ ਕਿ ਹਾਂ ਅਸੀਂ ਇਸ ਵਾਰ ਨਫ਼ਰੀ ਵਧਾਈ ਹੈ। ਪਿਛਲੇ ਤਜ਼ਰਬਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਜਿਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਸੀਂ ਇਕੱਲੇ ਅਨੰਦਪੁਰ ਸਹਿਬ ਵਿੱਚ ਪੰਦਰਾਂ ਸੌ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਹਨ।


ਐਸਐਸਪੀ ਵਿਵੇਕਸ਼ੀਲ ਸੋਨੀ ਕਿਹਾ ਕਿ ਥਾਣਾ ਅਨੰਦਪੁਰ ਸਾਹਿਬ ਵਿੱਚ ਕੰਟਰੋਲ ਰੂਮ ਬਣਾਇਆ ਗਿਆ ਹੈ। ਉਨ੍ਹਾਂ ਨੇ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਬਾਰੇ ਕਿਹਾ ਕਿਸੇ ਨੂੰ ਕਾਨੂੰਨ ਵਿਵਸਥਾ ਖ਼ਰਾਬ ਨਹੀਂ ਕਰਨ ਦਿੱਤੀ ਜਾਵੇਗੀ।


ਦੱਸ ਦਈਏ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਕਾਰ ਉਪਰ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਦਿਹਾੜਿਆਂ 'ਤੇ ਸਰਕਾਰ ਵੱਲੋਂ ਸਖ਼ਤੀ ਕੀਤੀ ਹੋਈ ਹੈ। ਵੱਡੇ ਅਸਥਾਨ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਸੁਰੱਖਿਆ ਮੁਲਾਜ਼ਮਾਂ ਦੀ ਬਹੁਤ ਜਿਆਦਾ ਨਫ਼ਰੀ ਲਾਈ ਗਈ ਹੈ।


ਉਨ੍ਹਾਂ ਕਿਹਾ ਕਿ ਸੰਗਤ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਖਾਸ ਕਰਕੇ ਦਸਤਾਰਧਾਰੀ ਨੌਜਵਾਨਾਂ ਨੂੰ ਰੋਕਿਆ ਜਾ ਰਿਹਾ ਹੈ। ਪੁਲਿਸ ਪ੍ਰਸ਼ਾਸਨ ਵੱਲੋਂ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਹੈ। ਤਖ਼ਤ ਸਾਹਿਬਾਨ ਨੂੰ ਆਉਣ ਵਾਲੇ ਰਸਤਿਆਂ ਤੇ ਨਾਕੇਬੰਦੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਵੱਡਾ ਇਤਰਾਜ ਜਤਾ ਚੁੱਕੇ ਹਾਂ।


ਉਧਰ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਜੋੜ ਮੇਲੇ ਮੌਕੇ ਨਾਕੇਬੰਦੀ ਕਰਕੇ ਸੰਗਤਾਂ ਦੀ ਤਲਾਸ਼ੀ ਲੈਣੀ ਤੇ ਉਨ੍ਹਾਂ ਨੂੰ ਤੰਗ-ਪ੍ਰੇਸ਼ਾਨ ਕਰਨ ਵਰਗੀਆਂ ਘਟਨਾਵਾਂ ਨਾਲ ਸਰਕਾਰ ਪੰਜਾਬ ਵਿੱਚ ਬੀਤੇ ਕਾਲੇ ਦੌਰ ਵਰਗਾ ਮਾਹੌਲ ਸਿਰਜ ਰਹੀ ਹੈ।


ਉਨ੍ਹਾਂ ਨੇ ਪੰਜਾਬ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਅਜਿਹੀਆਂ ਕਾਰਵਾਈਆਂ ਤੁਰੰਤ ਰੋਕੀਆਂ ਜਾਣ। ਉਨ੍ਹਾਂ ਕਿਹਾ ਕਿ ਤਖ਼ਤ ਸ਼੍ਰੀ ਦਮਦਮਾ ਸਾਹਿਬ ਵਿਖੇ ਕਿਸੇ ਸਮੇਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਸ਼ਰਾਬ ਪੀ ਕੇ ਪਹੁੰਚੇ ਸਨ। ਇਸ ਵਾਰ ਭਾਰੀ ਪੁਲਿਸ ਬਲ ਤਾਇਨਾਤ ਕਰਕੇ ਭਗਵੰਤ ਮਾਨ ਨੇ ਸਿੱਖ ਵਿਰੋਧੀ ਹੋਣ ਦਾ ਪ੍ਰਗਟਾਵਾ ਕੀਤਾ ਹੈ।


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :