ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਦਿਹਾੜੇ 'ਤੇ ਕੇਂਦਰ ਦਾ ਤੋਹਫ਼ਾ
ਏਬੀਪੀ ਸਾਂਝਾ | 09 Feb 2018 01:48 PM (IST)
ਚੰਡੀਗੜ੍ਹ: ਕੇਂਦਰ ਸਰਕਾਰ ਵੱਲੋਂ ਮਹਾਰਾਸ਼ਟਰ ਦੇ ਇਤਿਹਾਸਕ ਸ਼ਹਿਰ ਨਾਂਦੇੜ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਦੀ ਯਾਦ 'ਚ 67 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨਵੀਸ ਨੇ ਸੂਬਾ ਸਰਕਾਰ ਦੀ ਸਿਫਾਰਸ਼ 'ਤੇ ਨਾਂਦੇੜ ਲਈ ਇਨ੍ਹਾਂ ਪ੍ਰੋਜੇਕਟਾਂ ਨੂੰ ਮਨਜ਼ੂਰ ਕਰਨ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਸੱਭਿਆਚਾਰ ਮਾਮਲਿਆਂ ਦੇ ਮੰਤਰੀ ਮਹੇਸ਼ ਸ਼ਰਮਾ ਦਾ ਧੰਨਵਾਦ ਕੀਤਾ ਹੈ। ਫੜਨਵੀਸ ਨੇ ਟਵੀਟ ਕਰਕੇ ਜਾਣਕਾਰੀ ਦਿੱਤੀ ਹੈ ਕਿ ਨਾਂਦੇੜ ਵਿਖੇ ਗੁਰੂ ਗੋਬਿੰਦ ਜੀ ਦੇ ਸਟੇਡੀਅਮ ਦੇ ਆਧੁਨਿਕੀਰਨ ਲਈ 45 ਕਰੋੜ ਤੇ ਸਵਾਮੀ ਰਾਮਾਨੰਦ ਤੀਰਥ ਮਰਾਠਵਾੜਾ ਯੂਨੀਵਰਸਿਟੀ, ਨਾਂਦੇੜ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਅਧਿਯਾਸਨ ਸਾਂਕੁਲ 'ਤੇ ਖੋਜ ਕੇਂਦਰ ਦੀ ਇਮਾਰਤ ਦੀ ਉਸਾਰੀ ਲਈ 22 ਕਰੋੜ ਰੁਪਏ ਦੇ ਪ੍ਰੋਜੈਕਟਾਂ ਨੂੰ ਕੇਂਦਰ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਪ੍ਰੋਜੇਕਟ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਦਿਹਾੜੇ ਦੇ ਸਮਾਗਮਾਂ ਨੂੰ ਸਮਰਪਿਤ ਹਨ ਤੇ ਨਾਂਦੇੜ ਵਿਖੇ ਗੁਰਦੁਆਰਾ ਹਜ਼ੂਰ ਸਾਹਿਬ ਸਿੱਖ ਧਰਮ ਦੇ 5 ਤਖ਼ਤਾਂ 'ਚੋਂ ਇਕ ਹਨ। ਹਜ਼ੂਰ ਸਾਹਿਬ ਤੋਂ ਇਲਾਵਾ ਵੀ ਬਹੁਤ ਸਾਰੀਆਂ ਥਾਵਾਂ 'ਤੇ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਪ੍ਰਕਾਸ਼ ਦਿਹਾੜੇ ਨੂੰ ਮਨਾਇਆ ਜਾ ਰਿਹਾ ਹੈ ਤੇ ਦੁਨੀਆਂ ਭਰ 'ਚ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਨੂੰ ਲੈ ਕੇ ਭਾਰੀ ਉਤਸ਼ਾਹ ਹੈ।