Punjab news: ਸਰਕਾਰੀ ਡਿਊਟੀ ਵਿਚ ਵਿਘਨ ਪਾਉਣ ਦੇ ਮਾਮਲੇ ਵਿੱਚ ਰੂਪਨਗਰ ਜੇਲ ਵਿੱਚ ਬੰਦ ਪੰਜਾਬ ਦੇ ਜ਼ੀਰਾ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਹੋਣ ਵਾਲੀ ਰਿਹਾਈ ਫਿਲਹਾਲ ਟਲੀ ਹੋਈ ਨਜ਼ਰ ਆ ਰਹੀ ਹੈ। ਬੀਤੇ ਦਿਨ ਕੁਲਬੀਰ ਜ਼ੀਰਾ ਨੂੰ ਇਸ ਮਾਮਲੇ ਵਿਚ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਸੀ ਜਿਸ ਤੋ ਬਾਅਦ ਅੱਜ ਜ਼ੀਰਾ ਦੀ ਰੂਪਨਗਰ ਜੇਲ੍ਹ 'ਚੋਂ ਰਿਹਾਈ ਹੋਣਾ ਤੈਅ ਮੰਨਿਆ ਜਾ ਰਿਹਾ ਸੀ। ਜਿਸ ਕਰਕੇ ਅੱਜ ਜ਼ੀਰਾ ਨੂੰ ਮਿਲਣ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਦਿੱਗਜ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ,ਪਰਗਟ ਸਿੰਘ ਅਤੇ ਲਾਡੀ ਸ਼ੇਰੋਵਾਲੀਆ ਪਹੁੰਚੇ ਸਨ।



 ਅੱਜ ਜ਼ੀਰਾ ਨੂੰ ਜੇਲ੍ਹ ਵਿੱਚ ਮਿਲਣ ਤੋਂ ਬਾਅਦ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੱਸਿਆ ਕਿ ਕੁਲਬੀਰ ਜ਼ੀਰਾ ਨੂੰ ਇੱਕ ਹੋਰ ਮਾਮਲੇ ਵਿੱਚ ਬੰਦੀ ਬਣਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਕੁਲਬੀਰ ਜ਼ੀਰਾ ਨੂੰ 751 ਦੇ ਮਾਮਲੇ ਵਿੱਚ ਹੁਣ ਬੰਦੀ ਬਣਾ ਲਿਆ ਹੈ ਜਿਸਦੇ ਚੱਲਦਿਆਂ ਫਿਲਹਾਲ ਜ਼ੀਰਾ ਦੀ ਰਿਹਾਈ ਟਲੀ ਹੋਈ ਨਜ਼ਰ ਆ ਰਹੀ ਹੈ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ ਜ਼ੀਰਾ ਦੀ ਇਸ 751 ਦੇ ਮਾਮਲੇ ਵਿਚ ਕਨੂੰਨੀ ਪੈਰਵਾਈ ਕੀਤੀ ਜਾ ਰਹੀ ਹੈ ਤੇ ਜੇਕਰ ਕਨੂੰਨੀ ਕਾਰਵਾਈ ਸਮਾਂ ਰਹਿੰਦਿਆਂ ਪੂਰੀ ਹੋਣ ਤੋਂ ਬਾਅਦ ਜ਼ੀਰਾ ਨੂੰ ਇਸ ਮਾਮਲੇ ਵਿਚ ਜ਼ਮਾਨਤ ਮਿਲਦੀ ਤਾਂ ਹੀ ਜ਼ੀਰਾ ਰੂਪਨਗਰ ਜੇਲ੍ਹ 'ਚੋਂ ਰਿਹਾ ਹੋ ਸਕਣਗੇ।


ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਦੱਸਿਆ ਕਿ ਕੁਲਬੀਰ ਜ਼ੀਰਾ ਨੂੰ ਜੇਲ੍ਹ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਦੋਂ ਕਿ ਜੇਲ ਦੇ ਅਧਿਕਾਰੀਆ ਨੂੰ ਵੀ ਸਰਕਾਰ ਨੇ ਡਰਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇਨਕਲਾਬ ਦਾ ਨਾਰਾ ਦੇ ਕੇ ਸੱਤਾ 'ਤੇ ਕਾਬਜ਼ ਹੋਈ ਆਮ ਆਦਮੀ ਪਾਰਟੀ ਅੱਜ ਧਰਨੇ ਦੇਣ ਵਾਲਿਆਂ ਨੂੰ ਮਾਰ ਕੁੱਟ ਰਹੀ ਹੈ ਤੇ ਜੇਲ੍ਹਾਂ 'ਚ ਸੁੱਟ ਰਹੀ ਹੈ।


ਚੰਨੀ ਨੇ ਕਿਹਾ ਕਿ ਭਾਵੇਂ ਕਾਂਗਰਸ ਦੇ ਇਕ ਇਕ ਵਰਕਰ ਨੂੰ ਜੇਲ੍ਹਾਂ ਦੇ ਵਿੱਚ ਬੰਦ ਕਰ ਦਿਉ ਫਿਰ ਵੀ ਕਾਂਗਰਸ ਧੱਕੇਸ਼ਾਹੀ ਖਿਲਾਫ ਡਟੀ ਰਹੇਗੀ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਥਾਂ ਥਾਂ ਤੇ ਧਰਨੇ ਲੱਗ ਰਹੇ ਹਨ ਜਦ ਕਿ ਪੰਜਾਬ ਵਿੱਚ ਆਰਥਿਕ ਸੰਕਟ ਹੈ ਤੇ ਅਰਾਜਕਤਾ ਫੈਲੀ ਹੋਈ ਹੈ ਤੇ ਨਸ਼ਿਆਂ ਦਾ ਬੋਲਬਾਲਾ ਹੈ।


ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਡੀਆਂ ਵਿੱਚ ਝੋਨੇ ਦੇ ਖਰੀਦ ਪ੍ਰਬੰਧਾ 'ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਕਿਸਾਨ ਹਮੇਸ਼ਾ ਕੁਦਰਤੀ ਆਫ਼ਤਾਂ ਨੂੰ ਝੱਲਦਾ ਆਇਆ ਹੈ ਤੇ ਆੜ੍ਹਤੀ ਕਿਸਾਨਾਂ ਦੀ ਰੀੜ ਦੀ ਹੱਡੀ ਹਨ। ਅੱਜ ਆੜ੍ਹਤੀ ਤੇ ਸ਼ੈਲਰ ਮਾਲਕ ਵੀ ਹੜਤਾਲ ਤੇ ਹਨ ਤੇ ਪੁਲਿਸ ਦੁਆਰਾ ਇੰਨਾਂ ਤੇ ਹੜਤਾਲ ਖੋਲਣ ਦਾ ਦਬਾਉਣ ਬਣਾਇਆ ਜਾ ਰਿਹਾ ਹੈ । ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਤੰਗ ਕੀਤਾ ਜਾ ਰਿਹਾ ਹੈ।