ਚੰਡੀਗੜ੍ਹ: ਪੰਜਾਬ ਦੇ ਮਾਡਲ ਸ਼ਹਿਰ ਦੀ ਸੁੰਦਰਤਾ ਨੂੰ ਬਰਕਰਾਰ ਰੱਖਣ ਲਈ ਗ੍ਰੇਟਰ ਮੋਹਾਲੀ ਏਰੀਆ ਡਿਵੈੱਲਪਮੈਂਟ ਅਥਾਰਟੀ (ਗਮਾਡਾ) ਨੇ ਆਪਣੇ ਅਧਿਕਾਰ ਖੇਤਰ ਅਧੀਨ ਆਉਂਦੇ ਇਲਾਕਿਆਂ ਵਿੱਚ ਅਣ-ਅਧਿਕਾਰਤ ਉਸਾਰੀਆਂ ਕਰਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਇਹ ਮੁਹਿੰਮ ਪਿਛਲੇ ਮਹੀਨੇ ਪੰਜਾਬ ਦੇ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਅਮਨ ਅਰੋੜਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸ਼ੁਰੂ ਕੀਤੀ ਗਈ ਸੀ।
ਸਥਾਨਕ ਵਿਧਾਇਕ ਕੁਲਵੰਤ ਸਿੰਘ ਅਤੇ ਜ਼ਿਲ੍ਹਾ ਅਧਿਕਾਰੀਆਂ ਨਾਲ 19 ਨਵੰਬਰ ਨੂੰ ਹੋਈ ਮੀਟਿੰਗ ਦੌਰਾਨ ਅਣ-ਅਧਿਕਾਰਤ ਉਸਾਰੀਆਂ ਅਤੇ ਕਬਜ਼ਿਆਂ ਦਾ ਮਾਮਲਾ ਮਕਾਨ ਉਸਾਰੀ ਅਤੇ ਸ਼ਹਿਰੀ ਵਿਕਾਸ ਮੰਤਰੀ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ। ਕੈਬਨਿਟ ਮੰਤਰੀ ਨੇ ਅਣ-ਅਧਿਕਾਰਤ ਉਸਾਰੀਆਂ ਦਾ ਗੰਭੀਰ ਨੋਟਿਸ ਲੈਂਦਿਆਂ ਗਮਾਡਾ ਦੇ ਅਧਿਕਾਰੀਆਂ ਨੂੰ ਐਸ.ਏ.ਐਸ.ਨਗਰ ਵਿੱਚ ਵੱਧ ਰਹੀਆਂ ਨਾਜਾਇਜ਼ ਉਸਾਰੀਆਂ ਅਤੇ ਕਬਜ਼ਿਆਂ ਨੂੰ ਰੋਕਣ ਲਈ ਤੁਰੰਤ ਮੁਹਿੰਮ ਵਿੱਢਣ ਦੇ ਹੁਕਮ ਦਿੱਤੇ ਸਨ।
ਮੰਤਰੀ ਦੇ ਦਿਸ਼ਾ-ਨਿਰਦੇਸ਼ਾਂ 'ਤੇ ਕਾਰਵਾਈ ਕਰਦਿਆਂ ਗਮਾਡਾ ਦੇ ਰੈਗੂਲੇਟਰੀ ਵਿੰਗ ਨੇ ਲੜੀਵਾਰ ਮੁਹਿੰਮ ਚਲਾ ਕੇ ਵੱਖ-ਵੱਖ ਖੇਤਰਾਂ 'ਚੋਂ ਅਣ-ਅਧਿਕਾਰਤ ਉਸਾਰੀਆਂ ਢਾਹ ਦਿੱਤੀਆਂ ਹਨ। ਗਮਾਡਾ ਨੇ ਪਿੰਡ ਝਾਮਪੁਰ ਵਿਖੇ ਨੀਂਹ ਜਾਂ ਪਲਿੰਥ ਪੱਧਰ 'ਤੇ ਘੱਟੋ-ਘੱਟ 50 ਢਾਂਚੇ ਅਤੇ ਕੁਝ ਸੁਪਰਸਟਰੱਕਚਰ ਨੂੰ ਹਟਾਉਣ ਤੋਂ ਇਲਾਵਾ ਸੈਕਟਰ-87 ਵਿੱਚ ਇੱਕ ਕਨਾਲ ਖੇਤਰ ‘ਚ ਬਣੇ ਚਾਰ ਅਣ-ਅਧਿਕਾਰਤ ਆਰਜ਼ੀ ਢਾਂਚੇ ਢਾਹੇ ਹਨ।
ਇਹ ਵੀ ਪੜ੍ਹੋ: Punjab News: ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਨੂੰ ਕੱਲ੍ਹ ਛੱਟੀ ਦਾ ਐਲਾਨ, ਅਧਿਆਪਕ- ਮਾਪਿਆਂ ਨੇ ਮਿਲਣੀ ਕਰਕੇ ਲਿਆ ਫੈਸਲਾ
ਇਸ ਤੋਂ ਇਲਾਵਾ ਬਲੌਂਗੀ ਵਿਖੇ ਸੁਪਰਸਟਰਕੱਚਰ ਵਾਲੇ ਚਾਰ ਅਣ-ਅਧਿਕਾਰਤ ਉਸਾਰੀ ਅਧੀਨ ਮਕਾਨਾਂ ਨੂੰ ਢਾਹਿਆ ਗਿਆ ਹੈ। ਇਸ ਦੇ ਨਾਲ ਹੀ ਲਗਭਗ ਤਿੰਨ ਏਕੜ ਵਿੱਚ ਬਣੇ 12 ਗ਼ੈਰ-ਕਾਨੂੰਨੀ ਸੂਰ ਫਾਰਮਾਂ ਅਤੇ ਪੋਲਟਰੀ ਫਾਰਮਾਂ ਨੂੰ ਵੀ ਹਟਾਇਆ ਗਿਆ ਹੈ।
ਮੋਹਾਲੀ ਦੇ ਵਸਨੀਕਾਂ ਅਤੇ ਵਪਾਰਕ ਅਦਾਰਿਆਂ ਦੇ ਮਾਲਕਾਂ ਨੂੰ ਅਣ-ਅਧਿਕਾਰਤ ਉਸਾਰੀਆਂ ਨਾ ਕਰਨ ਦੀ ਅਪੀਲ ਕਰਦਿਆਂ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਸ਼ਹਿਰੀ ਖੇਤਰਾਂ ਵਿੱਚ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਯੋਜਨਾਬੱਧ ਵਿਕਾਸ ਨੂੰ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਪਰ ਕਿਸੇ ਨੂੰ ਵੀ ਨਿਯਮਾਂ ਦੀ ਉਲੰਘਣਾ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲਿਆਂ ਨਾਲ ਸਖ਼ਤੀ ਨਾਲ ਨਜਿੱਠਿਆ ਜਾਵੇਗਾ।