ਬਰਨਾਲਾ: ਸਿੰਘੂ ਬਾਰਡਰ 'ਤੇ ਹੋਈ ਪੱਥਰਬਾਜ਼ੀ ਮਗਰੋਂ ਨੌਜਵਾਨ ਜਗਸੀਰ ਸਿੰਘ ਜੱਗੀ (ਜੱਗੀ ਬਾਬਾ) ਕਾਫੀ ਚਰਚਾ ਵਿੱਚ ਰਿਹਾ। ਖੂਨ ਨਾਲ ਭਿੱਜੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋਈਆਂ। ਇਸ ਦੌਰਾਨ ਲੋਕਾਂ ਨੇ ਪੁਲਿਸ ਦੇ ਤਸ਼ੱਦਦ ਦੀ ਵੀ ਖੂਬ ਅਲੋਚਨਾ ਕੀਤਾ। ਇਸ ਘਟਨਾ ਤੋਂ ਬਾਅਦ ਦੇਸ਼ਾਂ-ਵਿਦੇਸ਼ਾਂ ਦੀਆਂ ਸਿੱਖ ਸੰਸਥਾਵਾਂ, ਜਥੇਬੰਦੀਆਂ ਤੇ ਸਥਾਨਕ ਲੋਕ ਜੱਗੀ ਬਾਬੇ ਦਾ ਸਨਮਾਨ ਕਰਨ ਲਈ ਅੱਗੇ ਆ ਰਹੇ ਹਨ। ਪਿੰਡ ਪੰਧੇਰ ਦੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਦੋ ਸਿੱਖ ਜਥੇਬੰਦੀਆਂ ਦਰਬਾਰ-ਏ-ਖਾਲਸਾ ਤੇ ਸਿੱਖ ਵਾਰੀਅਰਜ਼ ਵੱਲੋਂ ਜੱਗੀ ਬਾਬੇ ਦਾ ਸੋਨੇ ਦੇ ਮੈਡਲ ਨਾਲ ਸਨਮਾਨ ਕੀਤਾ ਗਿਆ।

ਇਸ ਦੇ ਨਾਲ ਹੀ ਪਿੰਡ ਦੀ ਪੰਚਾਇਤ ਵੱਲੋਂ ਜੱਗੀ ਬਾਬੇ ਦੇ ਪਰਿਵਾਰ ਨੂੰ ਘਰ ਬਣਾਉਣ ਲਈ 10 ਵਿਸਵੇ ਪੰਚਾਇਤੀ ਜ਼ਮੀਨ ਦਿੱਤੀ ਗਈ ਹੈ ਤੇ ਘਰ ਬਣਾਉਣ ਲਈ ਸਿੱਖ ਜਥੇਬੰਦੀਆਂ ਤੇ ਐਨਆਰਆਈ ਫ਼ੰਡ ਭੇਜ ਰਹੇ ਹਨ। ਪਿੰਡ ਵਾਸੀ ਜੱਗੀ ਬਾਬੇ ਵੱਲੋਂ ਦਿਖਾਈ ਦਲੇਰੀ ਕਾਰਨ ਉਸ ’ਤੇ ਮਾਣ ਮਹਿਸੂਸ ਕਰ ਰਹੇ ਹਨ।

ਇਸ ਮੌਕੇ ਪਿੰਡ ਵਾਸੀਆਂ ਨੇ ਦੱਸਿਆ ਕਿ ਜਗਸੀਰ ਸਿੰਘ ਜੱਗੀ ਬਾਬਾ 26 ਨਵੰਬਰ ਤੋਂ ਹੀ ਦਿੱਲੀ ਵਿਖੇ ਕਿਸਾਨੀ ਅੰਦੋਲਨ ਵਿੱਚ ਸ਼ਾਮਲ ਹੋ ਕੇ ਸੇਵਾ ਨਿਭਾਅ ਰਿਹਾ ਹੈ ਪਰ ਦਿੱਲੀ ਪੁਲਿਸ ਵੱਲੋਂ ਉਨ੍ਹਾਂ ’ਤੇ ਕੀਤਾ ਗਿਆ ਜਾਨਲੇਵਾ ਹਮਲਾ ਬਹੁਤ ਨਿੰਦਣਯੋਗ ਹੈ।