ਗੁਰੂ ਨਗਰੀ 'ਚ ਲੁਟੇਰਿਆਂ ਦੀ ਦਹਿਸ਼ਤ, ਦਿਨ-ਦਿਹਾੜੇ ਗੋਲੀ ਮਾਰ ਲੁੱਟਿਆ ਸੋਨਾ
ਏਬੀਪੀ ਸਾਂਝਾ | 11 May 2018 12:03 PM (IST)
ਅੰਮ੍ਰਿਤਸਰ: ਅੰਮ੍ਰਿਤਸਰ ਦੇ ਗੁਰੂ ਬਾਜ਼ਾਰ 'ਚ ਦਿਨ-ਦਿਹਾੜੇ ਤਿੰਨ ਹਥਿਆਰਬੰਦ ਲੁਟੇਰੇ ਸੁਨਿਆਰੇ ਦੀ ਦੁਕਾਨ ਤੋਂ ਉਸ ਦੇ ਕਾਰੀਗਰ ਨੂੰ ਗੋਲੀ ਮਾਰ ਕੇ ਕਰੀਬ 33 ਲੱਖ ਦਾ ਸੋਨਾ ਤੇ 2 ਲੱਖ ਨਕਦੀ ਲੁੱਟ ਕੇ ਫਰਾਰ ਹੋ ਗਏ। ਤਾਜ਼ਾ ਘਟਨਾ ਤੋਂ ਬਾਅਦ ਅੰਮ੍ਰਿਤਸਰ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਹੈ। ਦੁਕਾਨ ਮਾਲਕ ਪ੍ਰਤਾਪ ਮਰਾਠੀ ਨੇ ਦੱਸਿਆ ਕਿ ਅੱਜ ਜਦੋਂ ਉਹ ਆਪਣੇ ਕਾਰੀਗਰਾਂ ਨਾਲ ਦੁਕਾਨ 'ਤੇ ਮੌਜੂਦ ਸੀ ਤਾਂ ਅਚਾਨਕ ਤਿੰਨ ਹਥਿਆਰਬੰਦ ਲੁਟੇਰੇ ਆਏ ਤੇ ਹਥਿਆਰਾਂ ਦੀ ਨੋਕ 'ਤੇ ਦੁਕਾਨ 'ਚ ਪਿਆ ਕਰੀਬ 33 ਲੱਖ ਦਾ ਸੋਨਾ ਤੇ ਦੋ ਲੱਖ ਨਕਦੀ ਲੁੱਟ ਕੇ ਫਰਾਰ ਹੋ ਗਏ। ਕਾਰੀਗਰ ਰਮੇਸ਼ ਦੀ ਲੱਤ ਤੇ ਗੋਲੀ ਲੱਗਣ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਾਇਆ ਗਿਆ ਹੈ। ਉਧਰ ਘਟਨਾ ਦੀ ਜਾਣਕਾਰੀ ਮਿਲਦਿਆਂ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਦੁਕਾਨਦਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।