ਚੰਡੀਗੜ੍ਹ: ਮੋਗਾ ਜ਼ਿਲ੍ਹੇ ਦੀ ਰਹਿਣ ਵਾਲੀਆਂ ਦੋ ਭੈਣਾਂ ਨੇ ਖੇਡਾਂ ਵਿੱਚ ਚੰਗਾ ਨਾਮਣਾ ਖੱਟਿਆ। ਪੰਜਾਬ ਲਈ ਨੌਂ ਸੋਨ ਤਮਗੇ ਵੀ ਜਿੱਤੇ, ਪਰ ਸਰਕਾਰ ਨੇ ਫਿਰ ਵੀ ਉਨ੍ਹਾਂ ਦੀ ਸਾਰ ਨਾ ਲਈ। ਦੋਵੇਂ ਭੈਣਾਂ ਨੇ ਅੱਜ ਤੋਂ ਕੌਮਾਂਤਰੀ ਕੁਸ਼ਤੀ ਸੰਸਥਾ ਮੋਗਾ ਵੱਲੋਂ ਜੂਨੀਅਰ ਪੰਜਾਬ ਕੁਸ਼ਤੀ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ, ਜਿਸ ਵਿੱਚ ਦੋਵਾਂ ਭੈਣਾਂ ਨੇ ਵੀ ਆਪਣੇ ਬਲ ਦਾ ਪ੍ਰਗਟਾਵਾ ਕਰਨਾ ਹੈ। ਪਰ ਘਰ ਦਾ ਗੁਜ਼ਾਰਾ ਚਲਾਉਣ ਲਈ ਉਹ ਝੋਨਾ ਬੀਜ ਰਹੀਆਂ ਹਨ।


ਕਸਬੇ ਨਿਹਾਲ ਸਿੰਘ ਵਾਲਾ ਦੇ ਪਿੰਡ ਧੂੜਕੋਟ ਰਣਸੀਂਹ ਦੀ ਅਰਸ਼ਪ੍ਰੀਤ ਕੌਰ 'ਖੇਲੋ ਇੰਡੀਆ' ਵਿੱਚ ਆਪਣਾ ਨਾਂ ਚਮਕਾ ਚੁੱਕੀ ਹੈ ਤੇ ਕੌਮੀ ਪੱਧਰ ਦੀ ਖਿਡਾਰਨ ਹੈ। ਧਰਮਪ੍ਰੀਤ ਕੌਰ ਨੇ ਵੀ ਪੰਜਾਬ ਲਈ ਤਿੰਨ ਸੋਨ ਤਮਗੇ ਜਿੱਤੇ ਹਨ। ਅਰਸ਼ਪ੍ਰੀਤ ਕੌਰ ਤੇ ਧਰਮਪ੍ਰੀਤ ਕੌਰ ਦੇ ਪਿਤਾ ਨੇ ਦੱਸਿਆ ਕਿ ਸਰਕਾਰ ਨੇ ਹਾਲੇ ਤਕ ਉਨ੍ਹਾਂ ਦੀ ਕੋਈ ਮਦਦ ਨਹੀਂ ਕੀਤੀ। ਖੇਡਦੇ ਸਮੇਂ ਉਨ੍ਹਾਂ ਦੀ ਧੀ ਦੇ ਮੋਢੇ 'ਤੇ ਸੱਟ ਵੱਜ ਗਈ ਸੀ ਤਾਂ ਉਦੋਂ ਕਿਹਾ ਸੀ ਕਿ ਇਸ ਦਾ ਇਲਾਜ ਸਰਕਾਰੀ ਖਰਚੇ 'ਤੇ ਹੋਵੇਗਾ, ਪਰ ਬਾਅਦ ਵਿੱਚ ਕਿਸੇ ਨੇ ਨਹੀਂ ਪੁੱਛਿਆ। ਹਾਲੇ ਵੀ ਆਪ੍ਰੇਸ਼ਨ ਦੀ ਲੋੜ ਹੈ, ਪਰ ਉਨ੍ਹਾਂ ਕੋਲ ਪੈਸੇ ਨਹੀਂ ਹਨ।

ਇਸ ਮਾਮਲੇ 'ਤੇ ਪੰਜਾਬ ਦੀ ਖੇਡ ਨਿਰਦੇਸ਼ਕਾ ਅੰਮ੍ਰਿਤ ਕੌਰ ਗਿੱਲ ਦਾ ਕਹਿਣਾ ਹੈ ਕਿ ਖਿਡਾਰੀਆਂ ਨੂੰ ਸਪੋਰਟਸ ਕੋਟੇ ਤਹਿਤ ਤਿੰਨ ਫ਼ੀਸਦ ਰਾਖਵਾਂਕਰਨ ਹਾਸਲ ਹੈ। ਜਿੱਥੇ ਵੀ ਨੌਕਰੀ ਨਿਕਲਦੀ ਹੈ, ਉੱਥੇ ਵਿਦਿਆਰਥਣਾਂ ਧਿਆਨ ਦੇਣ ਤੇ ਇਸ ਸੁਵਿਧਾ ਦਾ ਲਾਭ ਲੈਣ। ਇਸ ਤੋਂ ਇਲਾਵਾ ਖੇਡਾਂ ਦੌਰਾਨ ਉਨ੍ਹਾਂ ਦੀ ਡਾਈਟ ਤੇ ਕੋਚ ਵੀ ਮੁਫ਼ਤ ਮੁਹੱਈਆ ਕਰਵਾਏ ਜਾਂਦੇ ਹਨ।