ਚੰਡੀਗੜ੍ਹ: ਲੁਧਿਆਣਾ ਜੇਲ੍ਹ ਵਿੱਚ ਹੋਈ ਹਿੰਸਾ ਲਈ ਪੁਲਿਸ ਹੀ ਜ਼ਿੰਮੇਵਾਰ ਹੈ। ਹੁਣ ਤੱਕ ਸਾਹਮਣੇ ਆਈ ਜਾਣਕਾਰੀ ਮੁਤਾਬਕ ਜੇਲ੍ਹ ਮੁਲਾਜ਼ਮਾਂ ਦੀ ਕੁੱਟਮਾਰ ਨਾਲ ਹਵਾਲਾਤੀ ਸਨੀ ਸੂਦ ਦੀ ਮੌਤ ਮਗਰੋਂ ਕੈਦੀ ਭੜਕੇ ਸੀ। ਜੇਲ੍ਹ ਪ੍ਰਸ਼ਾਸਨ ਚਾਹੇ ਇਸ ਉੱਪਰ ਪਰਦਾ ਪਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਪਰ ਡਾਕਟਰਾਂ ਦਾ ਕਹਿਣਾ ਹੈ ਕਿ ਸਨੀ ਸੂਦ ਨੂੰ ਕਾਫੀ ਸੱਟਾਂ ਲੱਗੀਆਂ ਸੀ।


ਸੂਤਰਾਂ ਮੁਤਾਬਕ ਨਸ਼ਾ ਤਸਕਰੀ ਦੇ ਇਲਜ਼ਾਮ ’ਚ ਜੇਲ੍ਹ ’ਚ ਬੰਦ ਸਨੀ ਸੂਦ ਨਾਮ ਦੇ ਹਵਾਲਾਤੀ ਤੋਂ ਜੇਲ੍ਹ ਪ੍ਰਸ਼ਾਸਨ ਨੇ ਬੁੱਧਵਾਰ ਨੂੰ ਮੋਬਾਈਲ ਫੋਨ ਬਰਾਮਦ ਕੀਤਾ ਸੀ। ਇਸ ਗੱਲ਼ ਤੋਂ ਜੇਲ੍ਹ ਮੁਲਾਜ਼ਮਾਂ ਨਾਲ ਸਨੀ ਸੂਦ ਦਾ ਤਕਰਾਰ ਹੋ ਗਿਆ। ਰਾਤ ਨੂੰ ਸਨੀ ਨੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਤਾਂ ਮੁਲਾਜ਼ਮਾਂ ਨੇ ਉਸ ਨੂੰ ਬਾਹਰ ਕੱਢ ਕੇ ਬੁਰੀ ਤਰ੍ਹਾ ਕੁੱਟਿਆ। ਕੁੱਟਮਾਰ ਦੌਰਾਨ ਸਨੀ ਦੀ ਹਾਲਤ ਖ਼ਰਾਬ ਹੋ ਗਈ।

ਜੇਲ੍ਹ ਮੁਲਾਜ਼ਮਾਂ ਨੇ ਸਨੀ ਨੂੰ ਜੇਲ੍ਹ ਦੇ ਹਸਪਤਾਲ ’ਚ ਪਹੁੰਚਾਇਆ ਜਿੱਥੋਂ ਉਸ ਨੂੰ ਸਿਵਲ ਹਸਪਤਾਲ ਤੇ ਫਿਰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਉੱਥੇ ਵੀਰਵਾਰ ਨੂੰ ਉਸ ਦੀ ਮੌਤ ਹੋ ਗਈ। ਸਨੀ ਸੂਦ ਦੀ ਮੌਤ ਦੀ ਖ਼ਬਰ ਜਿਵੇਂ ਹੀ ਜੇਲ੍ਹ ’ਚ ਪੁੱਜੀ ਤਾਂ ਕੈਦੀਆਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਕੈਦੀਆਂ ਨੇ ਇਲਜ਼ਾਮ ਲਾਇਆ ਕਿ ਜੇਲ੍ਹ ਮੁਲਾਜ਼ਮਾਂ ਵੱਲੋਂ ਕੀਤੀ ਕੁੱਟਮਾਰ ਕਾਰਨ ਹੀ ਸਨੀ ਦੀ ਮੌਤ ਹੋਈ ਹੈ।