Sidhu Moose Wala: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮਾਸਟਰਮਾਈਂਡ ਗੈਂਗਸਟਰ ਸਤਿੰਦਰਜੀਤ ਸਿੰਘ ਉਰਫ ਗੋਲਡੀ ਬਰਾੜ ਭਾਰਤ ਤੋਂ ਬਾਅਦ ਹੁਣ ਕੈਨੇਡਾ ਵਿੱਚ ਵੀ ਮੋਸਟ ਵਾਂਟੇਡ ਅਪਰਾਧੀਆਂ ਦੀ ਸੂਚੀ ਵਿੱਚ ਸ਼ਾਮਲ ਹੋ ਗਿਆ ਹੈ। ਉਸ ਨੂੰ ਕੈਨੇਡਾ ਦੇ ਟਾਪ 25 ਮੋਸਟ ਵਾਂਟੇਡ ਭਗੌੜਿਆਂ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਨੇਡਾ ਸਰਕਾਰ ਦੁਆਰਾ "ਬੀ ਆਨ ਦਿ ਲੁੱਕ ਆਉਟ"  ਸੂਚੀ ਵਿੱਚ ਰੱਖਿਆ ਗਿਆ ਹੈ। ਗੋਲਡੀ ਬਰਾੜ ਬਦਨਾਮ ਗੈਂਗਸਟਰ ਲਾਰੈਂਸ ਦਾ ਕਰੀਬੀ ਹੈ। ਜੋ ਕਿ ਲਾਰੈਂਸ ਦੇ ਤਿਹਾੜ ਜੇਲ੍ਹ ਵਿੱਚ ਬੰਦ ਹੋਣ ਤੋਂ ਬਾਅਦ ਵਿਦੇਸ਼ ਵਿੱਚ ਬੈਠ ਕੇ ਆਪਣਾ ਗੈਂਗ ਚਲਾ ਰਿਹਾ ਹੈ।


ਕੈਨੇਡਾ ਸਰਕਾਰ ਨੇ ਇਸ ਸੂਚੀ ਵਿੱਚ ਗੋਲਡੀ ਬਰਾੜ ਨੂੰ 15ਵਾਂ ਸਥਾਨ ਦਿੱਤਾ ਹੈ। ਗੋਲਡੀ ਨੂੰ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੇ ਕਹਿਣ 'ਤੇ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਕੈਨੇਡੀਅਨ ਪੁਲਿਸ ਨੇ ਗੋਲਡੀ ਬਰਾੜ 'ਤੇ ਇਹ ਕਾਰਵਾਈ ਇੰਟਰਪੋਲ ਦੀ ਬੇਨਤੀ 'ਤੇ ਕੀਤੀ ਹੈ। ਇੰਟਰਪੋਲ ਦੀ ਵੈੱਬਸਾਈਟ ਮੁਤਾਬਕ ਗੋਲਡੀ ਵਿਰੁੱਧ ਰੈੱਡ ਕਾਰਨਰ ਨੋਟਿਸ ਲੰਬਿਤ ਹੈ, ਜੋ ਭਾਰਤ ਸਰਕਾਰ ਦੇ ਕਹਿਣ 'ਤੇ ਜਾਰੀ ਕੀਤਾ ਗਿਆ ਸੀ। ਗੋਲਡੀ ਬਰਾੜ ਪਹਿਲਾਂ ਹੀ ਭਾਰਤ ਸਰਕਾਰ ਨੂੰ ਲੋੜੀਂਦਾ ਹੈ। ਇਸ 'ਚ ਗੋਲਡੀ 'ਤੇ ਕਤਲ, ਅਪਰਾਧਿਕ ਸਾਜ਼ਿਸ਼ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ, ਕਤਲ ਦੀ ਕੋਸ਼ਿਸ਼, ਅਪਰਾਧਿਕ ਸਾਜ਼ਿਸ਼ 'ਚ ਗੈਰ-ਕਾਨੂੰਨੀ ਹਥਿਆਰ ਮੁਹੱਈਆ ਕਰਵਾਉਣ ਵਰਗੇ ਗੰਭੀਰ ਅਪਰਾਧ ਸ਼ਾਮਲ ਕੀਤੇ ਗਏ ਹਨ।




ਅਜਿਹੇ ਇਨਪੁਟਸ ਹਨ ਕਿ ਗੋਲਡੀ ਬਰਾੜ ਇਸ ਸਮੇਂ ਅਮਰੀਕਾ ਵਿੱਚ ਲੁਕਿਆ ਹੋਇਆ ਹੈ। ਖੁਫੀਆ ਏਜੰਸੀਆਂ ਮੁਤਾਬਕ ਗੋਲਡੀ ਬਰਾੜ ਮੂਸੇਵਾਲਾ ਦੇ ਕਤਲ ਸਮੇਂ ਕੈਨੇਡਾ 'ਚ ਰਹਿ ਰਿਹਾ ਸੀ। ਸਿੰਗਰ ਦੇ ਕਤਲ ਤੋਂ ਬਾਅਦ ਗੋਲਡੀ ਭਾਰਤੀ ਖੁਫੀਆ ਏਜੰਸੀਆਂ ਅਤੇ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਨਿਸ਼ਾਨੇ 'ਤੇ ਆ ਗਿਆ ਸੀ। ਉਸਨੂੰ ਡਰ ਸੀ ਕਿ ਕਿਤੇ ਕੋਈ ਉਸਦਾ ਠਿਕਾਣਾ ਨਾ ਦੱਸ ਦੇਵੇ। ਇਸ ਕਾਰਨ ਉਹ ਕੁਝ ਸਮਾਂ ਪਹਿਲਾਂ ਕੈਨੇਡਾ ਤੋਂ ਫਰਿਜ਼ਨੋ ਸ਼ਹਿਰ, ਕੈਲੀਫੋਰਨੀਆ, ਅਮਰੀਕਾ ਵਿੱਚ ਭੱਜ ਗਿਆ ਸੀ। ਉਥੇ ਜਾ ਕੇ ਉਸ ਨੇ ਦੋ ਵਕੀਲਾਂ ਦੀ ਮਦਦ ਨਾਲ ਸਿਆਸੀ ਸ਼ਰਨ ਲੈਣ ਦੀ ਕੋਸ਼ਿਸ਼ ਵੀ ਕੀਤੀ।


ਇਸ ਤੋਂ ਪਹਿਲਾਂ ਇਹ ਵੀ ਸਾਹਮਣੇ ਆਇਆ ਸੀ ਕਿ ਗੋਲਡੀ ਬਰਾੜ ਨੂੰ ਅਮਰੀਕਾ ਦੇ ਕੈਲੀਫੋਰਨੀਆ 'ਚ ਹਿਰਾਸਤ 'ਚ ਲਿਆ ਗਿਆ ਹੈ। ਗੋਲਡੀ ਨੂੰ 20 ਨਵੰਬਰ ਨੂੰ ਜਾਂ ਇਸ ਤੋਂ ਪਹਿਲਾਂ ਹਿਰਾਸਤ ਵਿੱਚ ਲਏ ਜਾਣ ਦੀ ਸੂਚਨਾ ਸੀ। ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਅਮਰੀਕੀ ਜਾਂਚ ਏਜੰਸੀ ਐਫਬੀਆਈ ਨੇ ਭਾਰਤੀ ਏਜੰਸੀਆਂ ਨਾਲ ਗੱਲ ਕੀਤੀ ਹੈ। ਗੋਲਡੀ ਬਰਾੜ ਖਿਲਾਫ 2 ਪੁਰਾਣੇ ਮਾਮਲਿਆਂ 'ਚ ਪਹਿਲਾਂ ਹੀ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾ ਚੁੱਕਾ ਹੈ।