ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੰਗ 'ਤੇ ਅਮਲ ਕਰਦਿਆਂ ਆਈਟੀ ਕੰਪਨੀ ਗੂਗਲ ਨੇ ਭਾਰਤ ਵਿਰੋਧੀ ਵੱਖ-ਵੱਖ ਮੋਬਾਈਲ ਐਪਲੀਕੇਸ਼ਨਜ਼ '2020 ਸਿੱਖ ਰੈਫਰੈਂਡਮ' ਨੂੰ ਤੁਰੰਤ ਪ੍ਰਭਾਵ ਨਾਲ ਆਪਣੇ ਪਲੇ ਸਟੋਰ ਤੋਂ ਹਟਾ ਦਿੱਤਾ ਹੈ। ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਭਾਰਤ ਵਿੱਚ ਹੁਣ ਇਹ ਐਪ ਗੂਗਲ ਪਲੇ ਸਟੋਰ ਉੱਤੇ ਮੋਬਾਈਲ ਉਪਭੋਗਤਾਵਾਂ ਲਈ ਉਪਲੱਬਧ ਨਹੀਂ।





ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਵੀ ਇਸ ਮਾਮਲੇ ਵਿੱਚ ਗੂਗਲ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਸੀ। ਉਨ੍ਹਾਂ ਨੇ ਡੀਜੀਪੀ ਨੂੰ ਵੀ ਇਸ ਐਪ ਦੇ ਲਾਂਚ ਹੋਣ ਤੋਂ ਬਾਅਦ ਆਏ ਖ਼ਤਰੇ ਨਾਲ ਨਜਿੱਠਣ ਲਈ ਕੇਂਦਰੀ ਸੁਰੱਖਿਆ ਏਜੰਸੀਆਂ ਨਾਲ ਤਾਲਮੇਲ ਕਰਨ ਲਈ ਕਿਹਾ ਸੀ। ਇਸ ਐਪ ਨੂੰ ‘ICETECH’ ਵੱਲੋਂ ਬਣਾਇਆ ਗਿਆ ਸੀ।


ਐਪ ਰਾਹੀਂ ਆਮ ਲੋਕਾਂ ਨੂੰ 'ਪੰਜਾਬ ਰੈਫਰੈਂਡਮ 2020 ਖਾਲਿਸਤਾਨ' ਵਿੱਚ ਵੋਟ ਪਾਉਣ ਲਈ ਆਪਣਾ ਨਾਮ ਦਰਜ ਕਰਾਉਣ ਲਈ ਕਿਹਾ ਜਾ ਰਿਹਾ ਸੀ। Www.yes2khalistan.org ਦੇ ਐਡਰੈਸ ਵਾਲੀ ਇੱਕ ਵੈਬਸਾਈਟ ਵੀ ਉਸੇ ਉਦੇਸ਼ ਲਈ ਉਸੇ ਤਰਜ਼ 'ਤੇ ਲਾਂਚ ਕੀਤੀ ਗਈ ਸੀ।


ਪੰਜਾਬ ਸਰਕਾਰ ਨੇ ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਗੂਗਲ ਤੇ ਕੇਂਦਰ ਸਰਕਾਰ ਨਾਲ ਸੰਪਰਕ ਕੀਤਾ। 8 ਨਵੰਬਰ, 2019 ਨੂੰ, ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 79 (3) ਬੀ ਦੇ ਅਧੀਨ ਗੂਗਲ ਕਾਨੂੰਨੀ ਸੈੱਲ ਨੂੰ ਗੂਗਲ ਪਲੇਅ ਸਟੋਰ ਤੋਂ ਮੋਬਾਈਲ ਐਪਲੀਕੇਸ਼ਨ ਨੂੰ ਤੁਰੰਤ ਹਟਾਉਣ ਲਈ ਇੱਕ ਨੋਟਿਸ ਭੇਜਿਆ ਗਿਆ ਸੀ।


ਇਸ ਪਿੱਛੋਂ 9 ਨਵੰਬਰ, 2019 ਨੂੰ, ਆਈਜੀਪੀ ਕ੍ਰਾਈਮ ਨਾਗੇਸ਼ਵਰ ਰਾਓ ਤੇ ਇੰਚਾਰਜ ਸਟੇਟ ਸਾਈਬਰ-ਕਮ-ਡੀਆਈਟੀਏਸੀ ਲੈਬ ਨੇ ਗੂਗਲ ਇੰਡੀਆ ਦੇ ਕਾਨੂੰਨੀ ਸੈੱਲ ਕੋਲ ਇਹ ਮੁੱਦਾ ਉਠਾਇਆ, ਜਿਸ ਨੂੰ ਪੂਰਾ ਯਕੀਨ ਹੋ ਗਿਆ ਕਿ ਗੂਗਲ ਪਲੇਟਫਾਰਮ ਉੱਤੇ ਪਾਬੰਦੀਸ਼ੁਦਾ ਐਸੋਸੀਏਸ਼ਨ 'ਸਿੱਖਸ ਫਾਰ ਜਸਟਿਸ' ਦੁਆਰਾ ਗੈਰਕਾਨੂੰਨੀ ਤੇ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਲਈ 'ਸਿੱਖਸ ਫਾਰ ਜਸਟਿਸ'ਇਸਤੇਮਾਲ ਕੀਤਾ ਗਿਆ ਸੀ।